ਬਾਦਲਾਂ ਨੂੰ ਭੇਜੇ ਸੰਮਨਾਂ 'ਤੇ ਬੋਲੇ ਕੈਪਟਨ ਅਮਰਿੰਦਰ
ਏਬੀਪੀ ਸਾਂਝਾ | 12 Nov 2018 03:52 PM (IST)
ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ ਨੇ ਬੇਅਦਬੀ ਤੇ ਗੋਲ਼ੀਕਾਂਡ ਦੀ ਜਾਂਚ ਲਈ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਵੱਲੋਂ ਬੀਤੇ ਕੱਲ੍ਹ ਕੀਤੇ ਧਮਾਕੇ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੰਮ ਸਿਰਫ਼ ਐਸਆਈਟੀ ਬਣਾਉਣਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣਾ ਕੰਮ ਐਸਆਈਟੀ ਬਣਾ ਕੇ ਕਰ ਦਿੱਤਾ ਹੈ ਅਤੇ ਹੁਣ ਜਾਂਚ ਕਰਨਾ ਦਾ ਅਗਲਾ ਕੰਮ ਐਸਆਈਟੀ ਦਾ ਹੈ। ਕੈਪਟਨ ਅਮਰਿੰਦਰ ਸਿੰਘ ਸੰਗਰੂਰ ਵਿੱਚ 100 ਬਿਸਤਰਿਆਂ ਵਾਲੇ ਹੋਮੀ ਭਾਭਾ ਟਾਟਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਮੁੱਖ ਮੰਤਰੀ ਨੇ ਇੱਥੇ ਅਕਾਲੀ ਦਲ ਵੱਲੋਂ ਬਾਗ਼ੀ ਟਕਸਾਲੀਆਂ ਨੂੰ ਪਾਰਟੀ ਵਿੱਚੋਂ ਕੱਢਣ 'ਤੇ ਵੀ ਕੋਈ ਟਿੱਪਣੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਵਿਸ਼ੇਸ਼ ਜਾਂਚ ਟੀਮ ਨੇ ਫ਼ਿਲਮ ਅਦਾਕਾਰ ਅਕਸ਼ੇ ਕੁਮਾਰ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਾਲ 2015 ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਲਈ ਸੰਮਨ ਭੇਜੇ ਹਨ। ਜਿੱਥੇ ਬਾਦਲ ਪਿਓ-ਪੁੱਤਰ ਨੇ ਸੰਮਣਾਂ ਦੀ ਤਾਮੀਲ ਕਰਦਿਆਂ ਐਸਆਈਟੀ ਸਨਮੁਖ ਪੇਸ਼ ਹੋਣ ਦਾ ਐਲਾਨ ਕੀਤਾ ਹੈ, ਉੱਥੇ ਹੀ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਬਿਆਨ ਦੇ ਦਿੱਤਾ ਹੈ ਕਿ ਉਹ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲੇ।