ਬਠਿੰਡਾ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਘਿਰੇ ਡੇਰਾ ਸਿਰਸਾ ਦੇ ਦੋ ਪੈਰੋਕਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਕਾਨਾਂ ਕਰਾਏ ਉੱਪਰ ਦਿੱਤੀਆਂ ਹੋਈਆਂ ਸੀ। ਉਨ੍ਹਾਂ ਦੀ ਗ੍ਰਿਫਤਾਰੀ ਮਗਰੋਂ ਵੀ ਸ਼੍ਰੋਮਣੀ ਕਮੇਟੀ ਨੇ ਦੁਕਾਨਾਂ ਵਾਪਸ ਨਹੀਂ ਲਈਆਂ। ਜਦੋਂ ਇਹ ਗੱਲ਼ ਬਾਹਰ ਆਈ ਤਾਂ ਸ਼੍ਰੋਮਣੀ ਕਮੇਟੀ ਨੇ ਤੁਰੰਤ ਕਾਰਵਾਈ ਕਰਦਿਆਂ ਦੁਕਾਨਾਂ ਨੂੰ ਜ਼ਿੰਦਰੇ ਜੜ ਦਿੱਤੇ।

ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਸਿਰਸਾ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ। ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਡੇਰਾ ਪ੍ਰੇਮੀਆਂ ਨੂੰ ਦੁਕਾਨਾਂ ਕਿਉਂ ਦਿੱਤੀਆਂ। ਇਸ ਤੋਂ ਵੀ ਅਗਲੀ ਗੱਲ ਮੁਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਵੀ ਸ਼੍ਰੋਮਣੀ ਕਮੇਟੀ ਦੀ ਨੀਂਦ ਕਿਉਂ ਨਹੀਂ ਖੁੱਲ੍ਹੀ। ਉਲਟਾ ਸੰਘਰਸ਼ ਦੀ ਚੇਤਾਵਨੀ ਮਗਰੋਂ ਹੀ ਕਾਰਵਾਈ ਕੀਤਾ ਗਈ ਹੈ।

ਬੇਅਦਬੀ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਭਗਤਾ ਭਾਈ ਦੇ ਦੋ ਡੇਰਾ ਸਿਰਸਾ ਪ੍ਰੇਮੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਹੁਣ ਇਨ੍ਹਾਂ ਦੀਆਂ ਦੁਕਾਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਜਿੰਦਰੇ ਲਾ ਦਿੱਤੇ ਹਨ। ਸ਼੍ਰੋਮਣੀ ਕਮੇਟੀ ਦੀ ਮਾਲਕੀ ਵਾਲੀਆਂ ਇਹ ਦੁਕਾਨਾਂ ਭਗਤਾ ਭਾਈ ਦੇ ਬੱਸ ਅੱਡੇ ਵਿੱਚ ਹਨ। ਸ਼੍ਰੋਮਣੀ ਕਮੇਟੀ ਨੇ ਇਹ ਕਾਰਵਾਈ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਦਿੱਤੀ ਸੰਘਰਸ਼ ਦੀ ਚਿਤਾਵਨੀ ਪਿੱਛੋਂ ਕੀਤੀ ਹੈ।

ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਪ੍ਰੇਮੀ ਜਤਿੰਦਰਬੀਰ ਜਿੰਮੀ ਤੇ ਕੁਲਦੀਪ ਸਿੰਘ ਦੀ ਗ੍ਰਿਫ਼ਤਾਰੀ ਕਾਰਨ ਇਹ ਦੋਵੇਂ ਦੁਕਾਨਾਂ ਪਹਿਲਾਂ ਹੀ ਬੰਦ ਸਨ। ਐਤਵਾਰ ਨੂੰ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਉੱਤੇ ਆਪਣੇ ਜਿੰਦਰੇ ਲਾ ਦਿੱਤੇ। ਇਹ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਦੀਆਂ ਹਦਾਇਤਾਂ ਉੱਤੇ ਕੀਤੀ ਗਈ ਹੈ।