ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਡਾਇਗਨੌਸਟਿਕ ਸੈਂਟਰ ਸ਼ੁਰੂ ਕੀਤਾ ਗਿਆ ਜਿਸ ਵਿਚ ਐਮ.ਆਰ.ਆਈ, ਸੀ.ਟੀ.ਸਕੈਨ, ਅਲਟਰਾ ਸਾਊਂਡ, ਡਿਜੀਟਲ ਐਕਸ ਰੇਅ ਤੇ ਹੋਰ ਟੈਸਟ ਕੀਤੇ ਜਾਣਗੇ।
ਇਥੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੀ ਐਮ.ਆਰ.ਆਈ ਤੇ ਹੋਰ ਟੈਸਟ ਸਿਰਫ 50 ਰੁਪਏ ਵਿਚ ਕੀਤੇ ਜਾਣਗੇ। ਸੈਂਟਰ ਦਾ ਉਦਘਾਟਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੀਤਾ। ਉਦਘਾਟਨ ਤੋਂ ਪਹਿਲਾਂ ਅਕਾਲ ਪੁਰਖ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ਿ ਐਂਡ ਰਿਸਰਚ ਵਿਚ ਕਿਡਨੀ ਡਾਇਲਸਿਸ ਹਸਪਤਾਲ ਸ਼ੁਰੂ ਕਰਨ ਤੋਂ ਬਾਅਦ ਇਹ ਦੂਜਾ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਵਿਚ ਬਹੁਤ ਵੱਡੀ ਸਹਾਇਤਾ ਮਿਲੇਗੀ।
ਉਨ੍ਹਾਂ ਕਿਹਾ ਕਿ 1980ਵਿਆਂ ਦੇ ਅੱਧ ਵਿਚ ਇਕ ਸਮਾਂ ਸੀ ਜਦੋਂ ਲੋਕ ਸਿੱਖਾਂ ਨੂੰ ਨਫ਼ਰਤ ਨਾਲ ਵੇਖਦੇ ਸਨ ਤੇ ਅਖ਼ਬਾਰਾਂ ਵਿਚ ਸਿੱਖਾਂ ਦੀਆਂ ਤਸਵੀਰਾਂ ਛਾਪ ਕੇ ਦਹਿਸ਼ਤ ਤੇ ਡਰ ਵਾਲਾ ਮਾਹੌਲ ਬਣਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ। ਦੇਸ਼ ਦੇ ਲੋਕ ਹੁਣ ਸਿੱਖਾਂ ਨੂੰ ਨਿਰਵਸਾਰਥ ਮਨੁੱਖਤਾ ਦੀ ਸੇਵਾ ਕਰਨ ਵਾਲੀ ਕੌਮ ਵਜੋਂ ਵੇਖਦੇ ਹਨ।