ਨਵੀਂ ਦਿੱਲੀ: ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ’ਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਗੁਰੂ ਸਹਿਬਾਨ ਦੀ ਯਾਦ ਨੂੰ ਸਮਰਪਿਤ ਸਮਾਰਕ ਬਣਾਉਣ ਦਾ ਦਿੱਲੀ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ। ਇਸ ਸਬੰਧੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਦਫਤਰ ਨੂੰ ਚਿੱਠੀ ਭੇਜ ਕੇ ਆਪਣਾ ਰੋਸ ਪ੍ਰਗਟ ਕੀਤਾ। ਸ਼੍ਰੋਮਣੀ ਕਮੇਟੀ ਨੇ ਵੀ ਇਸ ਸਬੰਧੀ ਰੋਸ ਜ਼ਾਹਰ ਕੀਤਾ ਹੈ।
ਇਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਇਕ ਚਿੱਠੀ ਭੇਜ ਕੇ ਗੁਰਦੁਆਰਾ ਸੀਸਗੰਜ ਦੇ ਨੇੜੇ ਗੁਰੂ ਸਾਹਿਬ ਦਾ ਬੁੱਤ ਲਾਉਣ ਦੀ ਯੋਜਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਬੁੱਤ ਪੂਜਾ ਸਿੱਖ ਸਿਧਾਂਤਾਂ ਖ਼ਿਲਾਫ਼ ਹੈ। ਗੁਰਦੁਆਰਾ ਸੀਸਗੰਜ ਦੇ ਬਾਹਰ ਚਾਂਦਨੀ ਚੌਕ ਵਿਚ ਅਜਿਹਾ ਕੋਈ ਨਿਰਮਾਣ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇ।
ਉਨ੍ਹਾਂ ਹੈਰਾਨੀ ਪ੍ਰਗਟਾਈ ਹੈ ਕਿ ਕੇਂਦਰ ਸਰਕਾਰ ਨੇ ਇਸ ਸਬੰਧੀ ਕਿਸੇ ਵੀ ਯੋਜਨਾ ਬਾਰੇ ਦਿੱਲੀ ਕਮੇਟੀ ਨੂੰ ਭਰੋਸੇ ਵਿਚ ਲੈਣ ਦਾ ਯਤਨ ਨਹੀਂ ਕੀਤਾ ਹੈ। ਉਨ੍ਹਾਂ ਭਾਈ ਮਤੀਦਾਸ ਚੌਕ ਵਿਚ ਕੀਤੀ ਉਸਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਥੇ ਉਸਾਰੀ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਇਸ ਸਬੰਧ ਵਿਚ ਦਿੱਲੀ ਕਮੇਟੀ ਨੂੰ ਭਰੋਸੇ ’ਚ ਲਿਆ ਸੀ। ਇਸ ਸਬੰਧ ਵਿਚ ਦਿੱਲੀ ਕਮੇਟੀ ਵੱਲੋਂ ਉਥੇ ਮਦਦ ਵੀ ਕੀਤੀ ਗਈ ਹੈ।
ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰੇ ਦੇ ਬਾਹਰ ਅਜਿਹੀ ਕੋਈ ਉਸਾਰੀ ਨਾ ਕਰਵਾਈ ਜਾਵੇ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਅਜਿਹਾ ਕੁਝ ਵੀ ਕਰਨ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਇਸ ਸਬੰਧੀ ਯੋਜਨਾ ਰੱਦ ਕਰਨ ਦੀ ਅਪੀਲ ਕੀਤੀ ਹੈ।
ਦਰਅਸਲ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸੀਸਗੰਜ ਦੇ ਬਾਹਰ ਗੁਰੂ ਤੇਗ ਬਹਾਦੁਰ ਸਾਹਿਬ ਦਾ ਬੁੱਤ ਸਥਾਪਤ ਕੀਤਾ ਜਾਵੇਗਾ ਜਾਂ ਫਿਰ ਕੋਈ ਹੋਰ ਸਮਾਰਕ ਬਣਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਇਸ ਸਬੰਧੀ ਚਰਚਾ ਦਾ ਸਖਤ ਵਿਰੋਧ ਕਰਦਿਆਂ ਰੋਸ ਜ਼ਾਹਰ ਕੀਤਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਬੁੱਤ ਸਥਾਪਤ ਕਰਨ ਦੀ ਯੋਜਨਾ ਹੈ ਤਾਂ ਇਹ ਸਿੱਖ ਧਰਮ ਦੇ ਖਿਲਾਫ ਹੈ ਅਤੇ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇ। ਸਿੱਖ ਧਰਮ ’ਚ ਮੂਰਤੀ ਪੂਜਾ ਲਈ ਕੋਈ ਥਾਂ ਨਹੀਂ ਹੈ ਅਤੇ ਇਹ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਗੁਰੂ ਸਾਹਿਬ ਦੀ ਕੋਈ ਯਾਦਗਾਰ ਬਣਾਉਣਾ ਚਾਹੁੰਦੀ ਹੈ ਤਾਂ ਉਹ ਵਿਰਾਸਤ-ਏ-ਖਾਲਸਾ ਦੀ ਤਰਜ਼ ’ਤੇ ਬਣਾਵੇ।