ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿਖੇ ਲੰਗਰ ਲਈ ਕਣਕ, ਮਾਇਆ ਤੇ ਰਸਦਾਂ ਭੇਜਣ ਲਈ ਸੰਗਤਾਂ ਨੂੰ ਅਪੀਲ ਕੀਤੀ ਹੈ। ਕੋਰੋਨਾਵਾਇਰਸ ਕਰਕੇ ਦੇਸ਼ ਭਰ 'ਚ ਲੌਕਡਾਉਨ ਹੈ, ਜਿਸ ਕਾਰਨ ਸੰਗਤ ਆਪਣੇ ਘਰਾਂ 'ਚ ਹੀ ਰਹਿ ਰਹੀ ਹੈ ਤੇ ਗੁਰੂ ਘਰਾਂ 'ਚ ਨਾਮਾਤਰ ਸੰਗਤ ਹੀ ਪੁੱਜ ਰਹੀ ਹੈ।


ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੁਨੀਆਂ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੁਰੂ ਕੇ ਲੰਗਰਾਂ ਲਈ ਆਪਣੀ ਸਮਰੱਥਾ ਅਨੁਸਾਰ ਮਾਇਆ ਵੀ ਭੇਜਣ। ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਵਰੋਸਾਈ ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਨੁੱਖਤਾ ਦਾ ਸਰਬ-ਸਾਂਝਾ ਤੇ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ। ਇਸ ਮਹਾਨ ਪਾਵਨ ਅਸਥਾਨ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿੱਚ ਲੱਖਾਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ।

ਲੋਂਗੋਵਾਲ ਮੁਤਾਬਕ ਗੁਰਦੁਆਰਿਆਂ ਵਿੱਚੋਂ ਰੋਜਾਨਾ ਕਈ ਥਾਵਾਂ ਤੇ ਲੋੜਵੰਦਾਂ ਨੂੰ ਲੰਗਰ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਏਕਤਾ ਤੇ ਬਰਾਬਰੀ ਦਾ ਪ੍ਰਤੀਕ ਗੁਰੂ ਕਾ ਲੰਗਰ ਸੰਗਤਾਂ ਵੱਲੋਂ ਭੇਜੀ ਮਾਇਆ ਤੇ ਰਸਦਾਂ ਨਾਲ ਹੀ ਚੱਲਦਾ ਹੈ ਪਰ ਸੰਗਤਾਂ ਦੀ ਆਮਦ ਘਟਣ ਕਰਕੇ ਹੁਣ ਭਲਕੇ ਤੋਂ ਕਣਕ ਦੀ ਵਾਢੀ ਦੇ ਸ਼ੁਰੂ ਹੋਣ ਵਾਲੇ ਸੀਜਨ ਤੋਂ ਪਹਿਲਾਂ ਲੌਂਗੋਵਾਲ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਸਮੂਹ ਗੁਰਦੁਆਰਿਆਂ ਨੂੰ ਕਣਕ ਰਸਦ ਤੇ ਮਾਇਆ ਭੇਜਣ। ਲੌਕਡਾਊਨ ਕਰਕੇ ਗੁਰਦੁਆਰਿਆਂ ਦੀ ਗੋਲਕ ਤੇ ਚੜ੍ਹਾਵਾ ਵੀ ਨਾਮਾਤਰ ਰਹਿ ਗਿਆ ਹੈ।

ਇਸ ਲਈ ਲੋੜਵੰਦਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਲੌਂਗੋਵਾਲ ਨੇ ਲੋਕਾਂ ਨੂੰ ਵੱਧ ਚੜ੍ਹ ਕੇ ਦਾਨ ਕਰਨ ਦੀ ਅਪੀਲ ਕੀਤੀ ਹੈ। ਮੌਜੂਦਾ ਸੰਕਟ ਸਮੇਂ ਵੀ ਬਹੁਤ ਸਾਰੇ ਗੁਰਸਿੱਖਾਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਸਹਿਯੋਗ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਕਣਕ ਦੀ ਕਟਾਈ ਸਮੇਂ ਗੁਰੂ ਘਰ ਲਈ ਜ਼ਰੂਰ ਹਿੱਸਾ ਕੱਢਣ ਤਾਂ ਜੋ ਇਸ ਔਖੀ ਘੜੀ ਲੋੜਵੰਦਾਂ ਤੱਕ ਲੰਗਰ ਸੇਵਾ ਲਗਾਤਾਰ ਪੁੱਜਦੀ ਰਹੇ।
ਇਸੇ ਤਰ੍ਹਾਂ ਹੀ ਕਾਰੋਬਾਰੀ ਸੰਗਤਾਂ ਵੀ ਆਪਣੀ ਕਿਰਤ ਕਮਾਈ ਵਿੱਚੋਂ ਆਪਣੀ ਸਮਰੱਥਾ ਮੁਤਾਬਕ ਮਾਇਆ ਤੇ ਹੋਰ ਰਸਦਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਲਈ ਭੇਜਣ। ਭਾਈ ਲੌਂਗੋਵਾਲ ਨੇ ਕਿਹਾ ਕਿ ਸੰਗਤਾਂ ਗੁਰੂ ਸਾਹਿਬ ਅੱਗੇ ਵਿਸ਼ਵ ਦੇ ਭਲੇ ਲਈ ਅਰਦਾਸ ਵੀ ਕਰਨ ਤੇ ਗੁਰਬਾਣੀ ਜਾਪ ਨਾਲ ਜੁੜੀਆਂ ਰਹਿਣ।