ਪਰਮਜੀਤ ਸਿੰਘ ਸਿੱਖ ਧਰਮ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ’ ਬੰਦੀ ਛੋੜ ਦਾਤਾ, ਮੀਰੀ ਪੀਰੀ ਦੇ ਮਾਲਕ ਆਦਿ ਕਈ ਨਾਵਾਂ ਨਾਲ ਸਤਿਕਾਰਿਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾਗੱਦੀ ਦਿਵਸ ਹੈ। ਇਤਿਹਾਸ ਦੱਸਦਾ ਹੈ ਕਿ ਸਮੇਂ ਦੀ ਨਿਜ਼ਾਕਤ ਨੂੰ ਵੇਖਦਿਆ ਆਪ ਜੀ ਦੇ ਪਿਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਰਹਾਇਸ਼ ਗੁਰੂ ਕੀ ਵਡਾਲੀ ਵਿਖੇ ਤਬਦੀਲ ਕਰ ਲਈ ਜਿੱਥੇ ਆਪ ਜੀ ਦਾ ਪ੍ਰਕਾਸ਼ 1595 ਈ ਨੂੰ ਹੋਇਆ। ਪੰਚਮ ਪਾਤਸ਼ਾਹ ਦੀ ਸ਼ਹਾਦਤ ਕਾਰਨ ਬਾਲ ਗੁਰੂ ਹਰਗੋਬਿੰਦ ਜੀ 11 ਸਾਲ ਦੀ ਉਮਰ ਵਿੱਚ 1606 ਈ ਨੂੰ ਗੁਰਗੱਦੀ 'ਤੇ ਬਿਰਾਜਮਾਨ ਹੋਏ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤ੍ਰਧਾਰੀ ਹੋ ਕੇ ਗੁਰਗੱਦੀ 'ਤੇ ਬੈਠਣ ਦਾ ਆਦੇਸ਼ ਕੀਤਾ ਸੀ। ਸੇਲੀ ਟੋਪੀ ਦੀ ਥਾਂ ਆਪ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਰਾਜਸੀ ਸ਼ਕਤੀ ਦਾ ਸੂਚਕ ਹੈ ਜਦਕਿ ਪੀਰੀ ਅਧਿਆਤਮਵਾਦੀ ਰਹੱਸਵਾਦ ਦਾ ਸੂਚਕ ਹੈ। ਇਸ ਤਰ੍ਹਾਂ ਸਿੱਖ ਧਰਮ ਵਿੱਚ ਇਹ ਸਿਧਾਂਤ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਮਨੁੱਖਤਾ ਦੇ ਇਤਿਹਾਸ ਵਿੱਚ ਮੀਰ ਦੀ ਤਲਵਾਰ ਜ਼ਰ, ਜ਼ੋਰੂ ਤੇ ਜ਼ਮੀਨ ਲਈ ਉੱਠੀ ਤੇ ਪੀਰ ਦੀ ਤਲਵਾਰ ਦੂਜਿਆਂ ਦੇ ਧਰਮ ਨੂੰ ਮਾਰ ਮਕਾਉਣ ਲਈ ਵਰਤੀ ਜਾਂਦੀ ਰਹੀ ਪਰ ਗੁਰੂ ਸਾਹਿਬ ਨੇ ਇਤਿਹਾਸ ਵਿੱਚ ਪਹਿਲੀ ਵਾਰ ਤਲਵਾਰ ਦੀ ਮਾਰੂ ਸ਼ਕਤੀ ਨੂੰ ਉਸਾਰੂ ਸ਼ਕਤੀ ਵਿੱਚ ਤਬਦੀਲ ਕੀਤਾ। ਇਸ ਤਰ੍ਹਾਂ ਛੇਵੇਂ ਪਾਤਸ਼ਾਹ ਵੱਲੋਂ ਸਿੱਖਾਂ ਨੂੰ ਚੰਗੇ ਸ਼ਸਤਰ ਤੇ ਵਧੀਆਂ ਘੋੜੇ ਗੁਰੂ ਦਰਬਾਰ ਵਿੱਚ ਭੇਜਣ ਤੇ ਖੁਦ ਵੀ ਸ਼ਸਤਰਧਾਰੀ ਰਹਿਣ ਲਈ ਹੁਕਮਨਾਮੇ ਜਾਰੀ ਕੀਤੇ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੀ ਮਦਦ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਸਰੀਰਕ ਬਲਵਾਨਤਾ ਦੇ ਨਾਲ-ਨਾਲ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਣ ਲੱਗੀਆਂ। ਇਤਿਹਾਸ ਅਨੁਸਾਰ ਭਾਵੇਂ ਆਪ ਦੇ ਸਬੰਧ ਜਹਾਂਗੀਰ ਨਾਲ ਬਹੁਤ ਹੀ ਮਿੱਤਰਤਾ ਵਾਲੇ ਸਨ ਪਰ ਫਿਰ ਵੀ ਆਪ ਨੇ ਸੈਨਿਕ ਸ਼ਕਤੀ ਨੂੰ ਮਜਬੂਤ ਕਰਨ ਲਈ ਪੂਰਾ ਪੂਰਾ ਧਿਆਨ ਦਿੱਤਾ। ਆਪ ਪਾਸ 300 ਘੋੜ ਸਵਾਰ ਤੇ ਅਸਤਬਲ ਵਿੱਚ 800 ਘੋੜੇ ਸਨ ਤੇ 60 ਮਿਸ਼ਾਲਚੀ ਹਰ ਸਮੇਂ ਆਪ ਜੀ ਦੇ ਹੁਕਮ ਵਿੱਚ ਹਾਜ਼ਰ ਰਹਿੰਦੇ ਸਨ। ਗੁਰੂ ਸਾਹਿਬ ਹਰੇਕ ਦੁਖੀ ਲੋੜਵੰਦ ਤੇ ਧ੍ਰਿਕਾਰੇ ਹੋਏ ਨੂੰ ਸ਼ਰਨ ਵਿੱਚ ਜਗ੍ਹਾ ਦਿੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਜੰਗਾਂ ਲੜੀਆਂ ਤੇ ਚੌਹਾਂ ਜੰਗਾਂ ਦੇ ਜਰਨੈਲਾਂ ਨੂੰ ਆਪਣੇ ਹੱਥੀਂ ਮੌਤ ਦੇ ਘਾਟ ਉਤਾਰਿਆ। ਇਨ੍ਹਾਂ ਚਹੁੰਆਂ ਜੰਗਾਂ ਵਿੱਚ ਆਪ ਨੂੰ ਆਪਣੀ ਰੱਖਿਆ ਲਈ ਲੜਨਾ ਪਿਆ ਤੇ ਇਹ ਜੰਗ ਰਾਜਸੀ ਨਾ ਹੋ ਕੇ ਧਰਮ ਯੁੱਧ ਸੀ। ਗੁਰੂ ਸਾਹਿਬ ਨੇ ਆਪਣੇ ਆਖਰੀ ਦਸ ਸਾਲ ਕੀਰਤਪੁਰ ਸਾਹਿਬ ਵਿਖੇ ਬਤੀਤ ਕੀਤੇ। ਆਪ ਰੋਜ਼ਾਨਾ ਦੇ ਜੀਵਨ ਵਿੱਚ ਉਨ੍ਹਾਂ ਗੁਣਾ ਤੇ ਅਮਲ ਕਰਨ ਦੇ ਹੱਕ ਵਿੱਚ ਸਨ, ਜਿਹੜੇ ਹਰ ਥਾਂ ਰੱਬ ਦੀ ਸਰਵਵਿਆਪਕਤਾ ਦੀ ਭਾਵਨਾ ਵਿੱਚੋਂ ਪੈਦਾ ਹੋਏ ਸਨ। ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਗੱਦੀ ਦਿਵਸ ਦੇ ਮੌਕੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ।