Guru Nanak Jayanti 2025: ਸਿੱਖ ਧਰਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 5 ਨਵੰਬਰ, 2025 ਨੂੰ ਮਨਾਇਆ ਜਾਵੇਗਾ। ਉੱਥੇ ਹੀ ਦੀਵਾਲੀ ਕੱਤਕ ਦੀ ਅਮਾਵੱਸਿਆ ਨੂੰ ਮਨਾਈ ਜਾਂਦੀ ਹੈ ਅਤੇ ਇਸ ਤੋਂ 15 ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ।
ਉਨ੍ਹਾਂ ਨੇ ਦੁਨੀਆ ਨੂੰ ਏਕਤਾ, ਭਾਈਚਾਰੇ ਅਤੇ ਪਰਮਾਤਮਾ ਪ੍ਰਤੀ ਸੱਚੀ ਸ਼ਰਧਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਸਾਦਗੀ, ਸੱਚਾਈ ਅਤੇ ਦਇਆ ਨਾਲ ਭਰਪੂਰ ਸਨ।
ਕਿਵੇਂ ਮਨਾਇਆ ਜਾਂਦਾ ਪ੍ਰਕਾਸ਼ ਦਿਹਾੜਾ?
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ।
ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਾਂਦਾ ਹੈ ਫਿਰ ਤੀਜੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੁੰਦੀ ਹੈ।
ਇਸ ਤੋਂ ਬਾਅਦ ਗੁਰੂ ਘਰ ਦੇ ਕੀਰਤਨੀਏ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਦਰੋ-ਨਦਰ ਨਿਹਾਲ ਕਰਦੇ ਹਨ ਅਤੇ ਫਿਰ ਕਥਾਵਾਚਕ ਗੁਰੂ ਸਾਹਿਬ ਦੇ ਜੀਵਨ 'ਤੇ ਚਾਨਣਾ ਪਾਉਂਦਾ ਹੈ ਅਤੇ ਸੰਗਤਾਂ ਨੂੰ ਉਨ੍ਹਾਂ ਦੇ ਇਤਿਹਾਸ ਤੋਂ ਰੁਬਰੂ ਕਰਵਾਉਂਦਾ ਹੈ।
ਇਸ ਉਪਰੰਤ ਅਰਦਾਸ ਅਤੇ ਹੁਕਮਨਾਮਾ ਸਾਹਿਬ ਲਿਆ ਜਾਂਦਾ ਹੈ।
ਫਿਰ ਸੰਗਤਾਂ ਨੂੰ ਗੁਰੂ ਦਾ ਲੰਗਰ ਵਰਤਾਇਆ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ ਦਾ ਇਤਿਹਾਸ
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ, 1469 ਨੂੰ ਤਲਵੰਡੀ (ਹੁਣ ਪਾਕਿਸਤਾਨ ਵਿੱਚ) ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਕਲਿਆਣਚੰਦ ਸੀ ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ। ਨਾਨਕ ਜੀ ਨੇ ਆਪਣੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਫਾਰਸੀ ਅਤੇ ਸੰਸਕ੍ਰਿਤ ਵਿੱਚ ਮੁਹਾਰਤ ਹਾਸਲ ਕੀਤੀ।
ਆਪਣੀਆਂ ਸਿੱਖਿਆਵਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਕ ਪਰਮਾਤਮਾ, ਸੱਚ ਅਤੇ ਸੇਵਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸਿੱਖ ਧਰਮ ਦੇ ਪਹਿਲੇ ਗੁਰੂ ਹੋਣ ਦੇ ਨਾਲ-ਨਾਲ, ਉਨ੍ਹਾਂ ਨੂੰ ਅੱਜ ਇੱਕ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ, ਧਾਰਮਿਕ ਸੁਧਾਰਕ, ਸੱਚੇ ਦੇਸ਼ ਭਗਤ ਅਤੇ ਯੋਗੀ ਵਜੋਂ ਯਾਦ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ 22 ਸਤੰਬਰ, 1539 ਨੂੰ ਕਰਤਾਰਪੁਰ ਵਿੱਚ ਜੋਤੀ-ਜੋਤ ਸਮਾਂ ਗਏ।