ਮੱਕਾ ਪੁੱਜੇ 16 ਲੱਖ ਤੋਂ ਵੱਧ ਹਾਜੀ
ਏਬੀਪੀ ਸਾਂਝਾ | 19 Aug 2018 11:24 AM (IST)
ਫ਼ਾਈਲ ਤਸਵੀਰ
ਦਿੱਲੀ: ਅੱਜ ਯਾਨੀ ਐਤਵਾਰ ਤੋਂ ਸ਼ੁਰੂ ਹੋ ਰਹੀ ਸਾਲਾਨਾ ਹੱਜ ਯਾਤਰਾ ਲਈ ਦੁਨੀਆ ਭਰ ਤੋਂ 16 ਲੱਖ ਤੋਂ ਵੱਧ ਸ਼ਰਧਾਲੂ ਸਾਊਦੀ ਅਰਬ ਪਹੁੰਚ ਚੁੱਕੇ ਹਨ। ਮੋਦੀ ਸਰਕਾਰ ਵੱਲੋਂ ਹੱਜ ਸਬਸਿਡੀ ਖ਼ਤਮ ਕਰਨ ਦੇ ਬਾਵਜੂਦ ਵੀ ਤਕਰੀਬਨ ਸਵਾ ਲੱਖ ਤੋਂ ਵੱਧ ਭਾਰਤੀ ਹਾਜੀ ਵੀ ਇਸ ਧਾਰਮਿਕ ਯਾਤਰਾ ਲਈ ਵਿਦੇਸ਼ ਪਹੁੰਚ ਚੁੱਕੇ ਹਨ। ਸਰਕਾਰ ਨੇ ਇਸ ਸਾਲ ਹੱਜ ਕਮੇਟੀ ਰਾਹੀਂ ਕੁੱਲ 1,28,702 ਭਾਰਤੀ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਸਹੂਲਤ ਦਿੱਤੀ ਹੈ। ਹੱਜ ਪਹੁੰਚ ਸ਼ਰਧਾਲੂ ਕਿਉਂ ਬਦਲ ਲੈਂਦੇ ਹਨ 'ਬਾਣੇ' ਮਿਸਰ ਤੋਂ ਇਥੇ ਆਏ ਇਮਾਦ ਅਬਦੇਲ ਰਹੀਮ ਨੇ ਕਿਹਾ ਕਿ ਹੱਜ ਕਰਨ ਦੇ ਇਸ ਅਹਿਸਾਸ ਨੂੰ ਮੈਂ ਲਫਜ਼ਾਂ 'ਚ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮੱਕਾ ਪੁੱਜ ਰਹੇ ਵੱਖ-ਵੱਖ ਦੇਸ਼ਾਂ ਤੋਂ ਆਏ ਹਾਜੀਆਂ ਨੂੰ ਉੱਥੋਂ ਦੇ ਭੇਸ ’ਚ ਦੇਖਿਆ ਜਾ ਸਕਦਾ ਹੈ। ਪਰ ਇੱਥੇ ਪੁੱਜਣ ਮਗਰੋਂ ਉਨ੍ਹਾਂ ਦੇ ਲਿਬਾਸ ਬਦਲ ਜਾਂਦੇ ਹਨ। ਮਰਦ ਸਫ਼ੈਦ ਚੋਗੇ ਪਹਿਨਣ ਲਗਦੇ ਹਨ, ਜੋ ਖ਼ੁਦਾ ਸਾਹਮਣੇ ਬੰਦੇ ਦੀ ਬਰਾਬਰੀ ਨੂੰ ਦਿਖਾਉਂਦਾ ਹੈ ਅਤੇ ਹੱਜ ਲਈ ਆਈਆਂ ਔਰਤਾਂ ਢਿੱਲਾ ਜਿਹਾ ਚੋਗਾ ਪਹਿਨਦੀਆਂ ਹਨ। ਉਹ ਸਾਦਗੀ ਨਾਲ ਆਪਣੇ ਕੇਸ ਢੱਕਦੀਆਂ ਹਨ ਅਤੇ ਮੇਕਅੱਪ ਤੇ ਨਹੁੰਆਂ ’ਤੇ ਪਾਲਿਸ਼ ਆਦਿ ਤੋਂ ਪਰਹੇਜ਼ ਕਰਦੀਆਂ ਹਨ। ਮੱਕੇ ਤੋਂ ਅਗਲਾ ਸਫ਼ਰ ਰਹੀਮ ਦੱਸਦੇ ਹਨ ਕਿ ਮੱਕਾ ਪੁੱਜਣ ਮਗਰੋਂ ਹੱਜ ਯਾਤਰੀ ਕਾਬਾ ਵੱਲ ਜਾਣਾ ਸ਼ੁਰੂ ਕਰਦੇ ਹਨ। ਕਾਬਾ ਅੱਲ੍ਹਾ ਦੇ ਘਰ ਤੇ ਖ਼ੁਦਾ ਦਾ ਇੱਕ ਰੂਪਕ ਹੈ। ਦੁਨੀਆ ਭਰ ’ਚ ਮੁਸਲਮਾਨ ਉੱਧਰ ਨੂੰ ਮੂੰਹ ਕਰਕੇ ਪੰਜ ਵੇਲੇ ਨਮਾਜ਼ ਅਦਾ ਕਰਦੇ ਹਨ। ਮੱਕੇ ’ਚ ਇਬਾਦਤ ਮਗਰੋਂ ਹੱਜ ਯਾਤਰੀ ਅਰਾਫ਼ਾਤ ਪਰਬਤ ਦੇ ਇਲਾਕੇ ’ਚ ਜਾਂਦੇ ਹਨ।