Hemkund Sahib Yatra 2023: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਸ਼ਰਧਾਲੂਆਂ ਦਾ ਜਥੇ ਮੁੜ ਯਾਤਰਾ ਲਈ ਰਵਾਨਾ ਹੋ ਰਹੇ ਹਨ। ਪਿਛਲੇ ਦਿਨੀਂ ਭਾਰੀ ਬਰਫਬਾਰੀ ਹੋਣ ਕਾਰਨ ਯਾਤਰਾ ਦੋ ਦਿਨਾਂ ਵਾਸਤੇ ਰੋਕੀ ਗਈ ਸੀ ਪਰ ਸ਼ਨੀਵਾਰ ਨੂੰ ਮੁੜ ਸ਼ੁਰੂ ਕਰ ਦਿੱਤੀ ਗਈ। ਸ਼ਨੀਵਾਰ ਨੂੰ ਲਗਪਗ 1500 ਯਾਤਰੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ। 



ਹਾਸਲ ਜਾਣਕਾਰੀ ਅਨੁਸਾਰ 24 ਮਈ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਤੇ ਇਸ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਹੋ ਗਈ ਸੀ। ਇਸ ਤੋਂ ਬਾਅਦ ਉੱਤਰਾਖੰਡ ਸਰਕਾਰ ਵੱਲੋਂ ਇਹ ਯਾਤਰਾ ਦੋ ਦਿਨਾਂ ਵਾਸਤੇ ਬੰਦ ਕਰ ਦਿੱਤੀ ਗਈ ਸੀ ਪਰ 27 ਮਈ ਨੂੰ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਯਾਤਰਾ ਮੁੜ ਬਹਾਲ ਹੋ ਗਈ ਹੈ ਤੇ ਲਗਪਗ 1500 ਯਾਤਰੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕੀਤੇ।



ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਿਹਾ ਸੀ ਤੇ ਕਰਮਚਾਰੀਆਂ ਵੱਲੋਂ ਰਸਤੇ ਵਿੱਚੋਂ ਜੰਮੀ ਹੋਈ ਬਰਫ ਹਟਾ ਕੇ ਰਸਤੇ ਸਾਫ਼ ਕਰ ਦਿੱਤੇ ਗਏ ਸਨ। ਸ਼ਨੀਵਾਰ ਵੀ ਲਗਪਗ ਮੌਸਮ ਸਾਫ਼ ਰਿਹਾ ਤੇ ਯਾਤਰੀ ਦਰਸ਼ਨ ਕਰਨ ਤੋਂ ਬਾਅਦ ਗੁਰਦੁਆਰਾ ਗੋਬਿੰਦ ਧਾਮ ਪੁੱਜੇ। ਯਾਤਰਾ ਵਾਸਤੇ ਮੁੜ ਤੋਂ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। 



ਉਨ੍ਹਾਂ ਦੱਸਿਆ ਕਿ ਮੌਸਮ ਖ਼ਰਾਬ ਰਹਿਣ ਦੇ ਕਾਰਨ ਵੱਖ-ਵੱਖ ਥਾਵਾਂ ਤੇ ਗੁਰਦੁਆਰਿਆਂ ਵਿੱਚ ਯਾਤਰੂ ਰੁਕੇ ਹੋਏ ਸਨ, ਜਿਨ੍ਹਾਂ ਨੇ ਸ਼ਨੀਵਾਰ ਨੂੰ ਅਗਲੇ ਪੜਾਅ ਲਈ ਯਾਤਰਾ ਸ਼ੁਰੂ ਕਰ ਦਿੱਤੀ। ਟਰੱਸਟ ਵੱਲੋਂ ਇਸ ਸਬੰਧ ਵਿੱਚ ਹਰਿਦੁਆਰ, ਰਿਸ਼ੀਕੇਸ, ਸ੍ਰੀਨਗਰ, ਜੋਸ਼ੀ ਮੱਠ, ਗੋਬਿੰਦ ਘਾਟ ਤੇ ਗੋਬਿੰਦ ਧਾਮ ਵਿਖੇ ਯਾਤਰੂਆਂ ਦੇ ਠਹਿਰਾਅ ਦਾ ਪ੍ਰਬੰਧ ਕੀਤਾ ਗਿਆ ਹੈ। ਜਿਥੇ ਯਾਤਰੂਆਂ ਵਾਸਤੇ ਰਿਹਾਇਸ਼ ਤੇ ਲੰਗਰ ਸਮੇਤ ਮੈਡੀਕਲ ਸਹੂਲਤਾਂ ਦਾ ਵੀ ਪ੍ਰਬੰਧ ਸੀ।



ਉਨ੍ਹਾਂ ਦੱਸਿਆ ਕਿ ਹੁਣ ਟਰੱਸਟ ਵੱਲੋਂ ਰੁਦਰਪ੍ਰਯਾਗ ਵਿਖੇ ਵੀ ਇੱਕ ਵੱਡੀ ਸਰਾਂ ਬਣਾਈ ਜਾ ਰਹੀ ਹੈ, ਜਿਸ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਯਾਤਰਾ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਯਾਤਰੂਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਈ ਹੈ।


ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਕਾਫੀ ਯਾਤਰੂ ਹੇਠਾਂ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਏ। ਇਸੇ ਤਰ੍ਹਾਂ ਹੇਠਾਂ ਤੋਂ ਆ ਰਹੇ ਯਾਤਰੂ ਵੀ ਗੁਰਦੁਆਰਾ ਗੋਬਿੰਦ ਘਾਟ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਮੁੜ ਨਿਰਵਿਘਨ ਚਾਲੂ ਹੋ ਗਈ ਹੈ।