ਪਰਮਜੀਤ ਸਿੰਘ


ਚੰਡੀਗੜ੍ਹ: ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਅੱਜ ਤਿੰਨ ਮਹੀਨੇ ਤੋਂ ਬਾਅਦ ਯਾਤਰਾ ਸ਼ੁਰੂ ਹੋ ਗਈ ਤੇ ਕਪਾਟ ਖੋਲ੍ਹ ਦਿੱਤੇ ਗਏ। ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਪੜਾਅ ਗੋਬਿੰਦ ਘਾਟ ਹੁੰਦਾ ਹੈ ਜਿੱਥੋਂ ਦੀ ਜਥਾ ਅਰਦਾਸ ਕਰਕੇ ਗੋਬਿੰਦ ਧਾਮ ਵੱਲ ਰਵਾਨਾ ਹੁੰਦਾ ਹੈ। ਉਸੇ ਮਰਿਆਦਾ ਅਨੁਸਾਰ ਕੱਲ੍ਹ ਜਥਾ ਜੈਕਾਰਿਆਂ ਦੀ ਗੂੰਜ ਨਾਲ ਯਾਤਰਾ 'ਤੇ ਰਵਾਨਾ ਹੋਇਆ।

ਪਹਿਲਾਂ ਬੇਸ਼ੱਕ ਇਸ ਯਾਤਰਾ 'ਤੇ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ ਬੱਧੀ ਹੁੰਦੀ ਸੀ ਪਰ ਇਸ ਵਾਰ ਇਹ ਗਿਣਤੀ 100 ਦੇ ਕਰੀਬ ਹੀ ਰਹੀ। ਵਿਸ਼ਵਵਿਆਪੀ ਮਹਾਮਾਰੀ ਕੋਰੋਨਾ ਕਾਰਨ ਇਹ ਯਾਤਰਾ ਇਸ ਵਾਰ ਕਰੀਬ 3 ਮਹੀਨੇ ਦੇਰੀ ਨਾਲ ਸ਼ੁਰੂ ਹੋਈ। ਉੱਤਰਾਖੰਡ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵੀ ਇਸ ਵਾਰ ਨਿਯਮ ਕਾਫੀ ਸਖਤ ਕੀਤੇ ਗਏ ਹਨ।

10 ਅਕਤੂਬਰ ਤੱਕ ਚੱਲਣ ਵਾਲੀ ਇਸ ਯਾਤਰਾ ਦੌਰਾਨ ਸਰਕਾਰ ਵੱਲੋਂ ਪਹਿਲਾਂ 100 ਸ਼ਰਧਾਲੂਆਂ ਨੂੰ ਹੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਹੁਣ ਇਹ ਗਿਣਤੀ ਵਧਾ ਕੇ 200 ਕਰ ਦਿੱਤੀ ਹੈ। ਇਸ ਦੇ ਨਾਲ ਹੀ ਯਾਤਰਾ ਲਈ ਕੋਵਿਡ-19 ਦੇ ਖਤਰੇ ਕਰਕੇ ਰੈੱਡ ਜ਼ੋਨ ਤੋਂ ਆਉਣ ਵਾਲੇ ਯਾਤਰੂਆਂ ਨੂੰ ਉੱਤਰਾਖੰਡ ਸਰਕਾਰ ਤੋਂ 72 ਘੰਟੇ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਈ-ਪਾਸ ਲੈਣਾ ਹੋਵੇਗਾ। ਇਸ ਦੇ ਨਾਲ ਹੀ ਕੋਰੋਨਾ ਟੈਸਟ ਵੀ ਲਾਜ਼ਮੀ ਕੀਤਾ ਗਿਆ ਹੈ ਜਿਸ ਦੀ ਰਿਪੋਰਟ 72 ਘੰਟੇ ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ।

ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਸੋਸ਼ਲ ਡਿਸਟੈਂਸ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਪਵੇਗਾ ਜਿੱਥੇ ਇਸ ਵਾਰ ਅਨੇਕਾਂ ਤਬਦੀਲੀਆਂ ਨਾਲ ਇਹ ਯਾਤਰਾ ਦੀ ਸ਼ੁਰੂਆਤ ਹੋਈ ਹੈ, ਉੱਥੇ ਹੀ ਹੈਲੀਕਾਪਟਰ ਦੀ ਸੁਵਿਧਾ ਇਸ ਵਾਰ ਬੰਦ ਹੈ ਜਿਸ ਨਾਲ ਬਜ਼ੁਰਗ ਯਾਤਰੂਆਂ 'ਤੇ ਕਾਫੀ ਅਸਰ ਪਵੇਗਾ।

ਗੌਰਤਲਬ ਹੈ ਕਿ ਇਸ ਯਾਤਰਾ ਲਈ ਸੰਗਤਾਂ ਵੱਖ-ਵੱਖ ਪੜਾਵਾਂ ਨਾਲ ਦਰਸ਼ਨ ਕਰਨ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ ਰਿਸ਼ੀਕੇਸ਼ ਤੋਂ ਹੁੰਦੇ ਹੋਏ ਗੋਬਿੰਦ ਘਾਟ ਵਿਖੇ ਪੜਾਅ ਕਰਦੀਆਂ ਹਨ ਤੇ ਸਵੇਰੇ ਗੋਬਿੰਦ ਧਾਮ ਲਈ ਰਵਾਨਾ ਹੁੰਦੀਆਂ ਹਨ। ਇਕ ਦਿਨ ‘ਚ ਹੇਮਕੁੰਟ ਸਾਹਿਬ ਪਹੁੰਚਣਾ ਸੰਭਵ ਨਹੀਂ ਜਿਸ ਕਰਕੇ ਹਰ ਇੱਕ ਨੂੰ ਗੋਬਿੰਦ ਧਾਮ ਰਾਤ ਰੁਕਣਾ ਪੈਂਦਾ ਹੈ। ਇੱਥੋਂ ਅੰਮ੍ਰਿਤ ਵੇਲੇ ਜਥੇ ਦਰਸ਼ਨਾਂ ਲਈ ਰਵਾਨਾ ਹੁੰਦੇ ਹਨ ਤੇ ਦਰਸ਼ਨ ਕਰਨ ਉਪਰੰਤ ਹਰ ਇੱਕ ਨੂੰ ਵਾਪਸ ਪਰਤਣਾ ਲਾਜ਼ਮੀ ਹੁੰਦਾ ਹੈ।