ਅਨੰਦਪੁਰ ਸਾਹਿਬ ਉਹ ਪਵਿੱਤਰ ਤੇ ਇਤਿਹਾਸਕ ਧਰਤੀ ਹੈ ਜਿੱਥੇ ਖਾਲਸਾ ਨੇ ਜਨਮ ਲਿਆ। ਇੱਥੇ ਨੌਂਵੇਂ ਤੇ ਦਸਵੇਂ ਪਾਤਸ਼ਾਹ ਦੀਆਂ ਅਨੇਕਾਂ ਹੀ ਪਿਆਰੀਆਂ ਤੇ ਕੌਮ ਨੂੰ ਉਤਸ਼ਾਹ ਦੇਣ ਵਾਲੀਆਂ ਯਾਦਗਾਰਾਂ ਮੌਜੂਦ ਹਨ। ਇਸ ਸ਼ਹਿਰ ਦੀ ਨੀਂਹ ਨੌਂਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਖੁਦ ਰੱਖੀ ਸੀ।
ਇਸ ਨਗਰ ਦੇ ਪੱਛਮ ਵੱਲ ਕਹਿਲੂਰੀਏ ਰਾਜੇ ਪਾਸੋਂ ਵੱਡੀ ਰਕਮ ਦੇ ਕੇ ਕਾਫ਼ੀ ਜ਼ਮੀਨ ਮੁੱਲ ਲਈ ਸੀ। ਇਸ ਨੂੰ ਆਪ ਨੇ ਆਪਣੇ ਰਹਿਣ ਲਈ ਚੁਣਿਆ। ਇੱਥੇ ਮਹਿਲ ਬਣਾ ਕੇ ਨਿਵਾਸ ਕਰਕੇ ਇਸ ਦਾ ਨਾਂ ਚੱਕ ਮਾਤਾ ਨਾਨਕੀ ਰੱਖਿਆ। ਇੱਥੇ ਹੁਣ ਗੁਰਦੁਅਰਾ ਗੁਰੂ ਕੇ ਮਹਿਲ ਸੁਸ਼ੋਬਤ ਹੈ। ਇਸ ਪਾਵਨ ਅਸਥਾਨ 'ਤੇ ਹੀ ਨੌਂਵੇਂ ਪਾਤਸ਼ਾਹ ਦੇ ਪੋਤੇ ਤੇ ਦਸਮ ਪਾਤਸ਼ਾਹ ਜੀ ਦੇ ਤਿੰਨ ਸਾਹਿਬਜ਼ਾਦਿਆਂ ਨੇ ਜਨਮ ਲਿਆ।
ਗੁਰਦੁਅਰਾ ਗੁਰੂ ਕੇ ਮਹਿਲ ਦੇ ਵਿਚਕਾਰ ਭੋਰਾ ਸਾਹਿਬ ਸੁਭਾਇਮਾਨ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਭੋਰੇ ਨਾਲ ਅਥਾਹ ਪਿਆਰ ਸੀ। ਉਹ ਬਾਬਾ ਬਕਾਲਾ ਵਿੱਚ ਰਹੇ ਤਾਂ ਉੱਥੇ ਵੀ ਭੋਰਾ ਬਣਾਇਆ। ਅਨੰਦਪੁਰ ਸਾਹਿਬ ਆਏ ਤਾਂ ਸਭ ਤੋਂ ਪਹਿਲਾਂ ਭੋਰਾ ਬਣਾਇਆ ਜਿੱਥੇ ਨੌਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਬੈਠ ਕੇ ਭਜਨ ਬੰਦਗੀ ਕਰਿਆ ਕਰਦੇ ਸਨ।
ਇਸ ਧਰਤੀ ਨੂੰ ਮਾਣ ਹੈ ਕਿ ਦਸਮ ਪਾਤਸ਼ਾਹ ਨੇ ਆਪਣੀ 42 ਸਾਲਾ ਦੀ ਉਮਰ ਵਿੱਚੋਂ 30 ਸਾਲ ਇਸ ਭੂਮੀ ਨੂੰ ਆਪਣੀ ਅਸਚਰਜ ਤੇ ਮਹਾਨ ਲੀਲ੍ਹਾ ਦੀ ਰੰਗ ਭੂਮੀ ਬਣਾਇਆ। ਸੰਸਾਰ ਤੇ ਖ਼ਾਸ ਕਰਕੇ ਭਾਰਤ ਦੇ ਦੁੱਖ ਕਲੇਸ਼ ਦੂਰ ਕਰਨ ਲਈ 1699 ਦੇ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਣ ਕਰਾ ਕੇ ਖਾਲਸੇ ਦਾ ਰੂਪ ਦਿੱਤਾ।