Hindu temples in Canada: - ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਦੂਜੇ ਧਰਮਾਂ ਦਾ ਸਤਿਕਾਰ ਕੀਤਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਖ਼ੁਦ ਹਿੰਦੂ ਧਰਮ ਦੇ ਤਿਲਕ ਜੰਝੂ ਦੀ ਰੱਖਿਆ ਲਈ ਸੀਸ ਦਿੱਤਾ ਹੋਵੇ ਫਿਰ ਕੈਨੇਡਾ ’ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾ ਕੇ ਸ਼ਾਂਤੀ ਭੰਗ ਕਰਨ ਵਾਲੇ ਸਿੱਖ ਕਿਵੇਂ ਹੋ ਸਕੇ ਹਨ?
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪਾਬੰਦੀਸ਼ੁਦਾ ਗਰੁੱਪ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰ ਪਤਵੰਤ ਪੰਨੂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਅਤੇ ਉਸ ਦੇ ਮੁਠੀਭਰ ਸਮਰਥਕਾਂ ਵੱਲੋਂ ਟੋਰਾਂਟੋ ਦੇ ਮਿਸੀਸਾਗਾ ਸ਼ਹਿਰ ’ਚ ਸਥਿਤ ਕਾਲੀਬਾੜੀ ਮੰਦਰ ਅਤੇ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਭੜਕਾਹਟ ਪੈਦਾ ਕਰਨ ਨਾਲ ਇਨ੍ਹਾਂ ਖ਼ਾਲਿਸਤਾਨ ਪੱਖੀ ਤੱਤਾਂ ਦੇ ਗੈਰ ਸਿਧਾਂਤਕ ਚਿਹਰਿਆਂ ਤੋਂ ਪਰਦੇ ਹਟ ਰਹੇ ਹਨ।
ਉਨ੍ਹਾਂ ਕਿਹਾ ਕਿ ਖਾਲਿਸਤਾਨੀ ਦੀ ਹਿੰਸਕ ਮੁਹਿੰਮ ਸਿਰਫ਼ ਭਾਰਤ ਖਿਲਾਫ ਹੀ ਨਹੀਂ ਸਗੋਂ ਹੁਣ ਹਿੰਦੂ ਭਾਈਚਾਰੇ ਦੇ ਵੀ ਖਿਲਾਫ ਹੋ ਰਿਹਾ ਹੈ। ਇਸ ਲਈ ਕੈਨੇਡਾ ਸਰਕਾਰ ਨੂੰ ਕੱਟੜਪੰਥੀਆਂ ਦਾ ਸਮਰਥਨ ਬੰਦ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਨੂ ਦੇ ਅਖੌਤੀ ਖਾਲਿਸਤਾਨੀ ਵੱਲੋਂ ਹਿੰਦੂ ਅਤੇ ਸਿੱਖ ਭਾਈਚਾਰਿਆਂ ’ਚ ਨਫ਼ਰਤ ਫੈਲਾਉਣ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ਾਂ ਨਾਲ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਦੀ ਛਵੀ ਖ਼ਰਾਬ ਹੋ ਰਹੀ ਹੈ। ਜਿਸ ਪ੍ਰਤੀ ਸਿੱਖ ਭਾਈਚਾਰੇ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਨੂ ਦੇ ਕਰਿੰਦਿਆਂ ਵੱਲੋਂ ਮੰਦਰਾਂ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਹਿੰਦੂਆਂ ਨੂੰ ਡਰਾਉਂਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਕਿਉਂਕਿ ਪਾਕਿਸਤਾਨ ਨਹੀਂ ਚਾਹੁੰਦਾ ਕਿ ਭਾਰਤੀ ਸਮਾਜ ਵਿਚ ਏਕਤਾ ਰਹੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਪਾਕਿਸਤਾਨ ਦੀ ਇੱਛਾ ਪੂਰਤੀ ਹੀ ਪੰਨੂ ਦਾ ਅਸਲ ਏਜੰਡਾ ਹੈ। ਪੰਨੂ ਵੱਲੋਂ ਕੈਨੇਡਾ ਸਥਿਤ ਹਿੰਦੂ ਮੰਦਰਾਂ ਅਤੇ ਮੰਦਰ ਦੇ ਪੁਜਾਰੀਆਂ ਅਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਹਿੰਦੂ ਸ਼ਰਧਾਲੂਆਂ ’ਚ ਡਰ ਪੈਦਾ ਕਰਨ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਮੰਦਿਰ ਅਧਿਕਾਰੀਆਂ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਵਾਰ-ਵਾਰ ਸ਼ਿਕਾਇਤਾਂ ਦਾਇਰ ਕਰਨ ਦੇ ਬਾਵਜੂਦ, ਕੈਨੇਡੀਅਨ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫਲ ਰਹੀ ਹੈ। ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਖਿਲਾਫ ਕੈਨੇਡਾ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪ੍ਰੋ. ਸਰਚਾਂਦਸਿੰਘ ਨੇ ਕਿਹਾ ਕਿ ਕੈਨੇਡਾ ’ਚ ਹਿੰਦੂ ਮੰਦਰਾਂ ’ਤੇ ਹਮਲੇ ਦਾ ਪਹਿਲਾ ਮਾਮਲਾ ਨਹੀਂ ਹੈ।
ਇਸ ਤੋਂ ਪਹਿਲਾਂ ਇਸ ਸਾਲ ਸਤੰਬਰ ਵਿੱਚ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਦੇਵੀ ਸੁਸਾਇਟੀ ਵਿੱਚ ਭੰਨਤੋੜ ਕੀਤੀ ਗਈ ਸੀ। ਫਰਵਰੀ 2023 ਵਿੱਚ ਅਣਪਛਾਤੇ ਬਦਮਾਸ਼ਾਂ ਨੇ ਮਿਸੀਸਾਗਾ ਵਿੱਚ ਇੱਕ ਰਾਮ ਮੰਦਰ ਨੂੰ ਭਾਰਤ ਵਿਰੋਧੀ ਭੜਕਾਊ ਨਾਅਰਿਆਂ ਨਾਲ ਵਿਗਾੜ ਦਿੱਤਾ। ਜਨਵਰੀ 2023 ਵਿੱਚ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਗੌਰੀ ਸ਼ੰਕਰ ਮੰਦਰ ਦੀ ਬੇਅਦਬੀ ਕੀਤੀ ਗਈ ਸੀ।
ਸਿੱਖ ਫ਼ਾਰ ਜਸਟਿਸ ਨਾਲ ਜੁੜੇ ਖਾਲਿਸਤਾਨੀ ਵੱਲੋਂ ਮੰਦਿਰ ਦੀਆਂ ਕੰਧਾਂ ਨੂੰ ਭਾਰਤ ਵਿਰੋਧੀ ਨਾਅਰਿਆਂ ਨਾਲ ਵਿਗਾੜ ਦਿੱਤਾ ਗਿਆ ਸੀ। ਸਤੰਬਰ 2022 ਵਿੱਚ, ਕੁਝ ਖਾਲਿਸਤਾਨੀ ਨੇ ਟੋਰਾਂਟੋ ਵਿੱਚ ਸਵਾਮੀਨਾਰਾਇਣ ਮੰਦਰ ਨੂੰ ਭਾਰਤ ਵਿਰੋਧੀ ਨਾਅਰਿਆਂ ਨਾਲ ਵਿਗਾੜ ਦਿੱਤਾ। ਫਰਵਰੀ 2022 ਵਿੱਚ, ਟੋਰਾਂਟੋ ਵਿੱਚ ਛੇ ਹਿੰਦੂ ਮੰਦਰਾਂ ਉੱਤੇ ਹਮਲਾ ਕੀਤਾ ਗਿਆ ਅਤੇ ਤਿਰੰਗੇ ਦਾ ਅਪਮਾਨ ਕੀਤਾ।