Hukamnama Sahib: ਰਾਮਕਲੀ ਮਹਲਾ ੫ ॥ ਰਾਖਨਹਾਰ ਦਇਆਲ ॥ ਕੋਟਿ ਭਵ ਖੰਡੇ ਨਿਮਖ ਖਿਆਲ ॥ ਸਗਲ ਅਰਾਧਹਿ ਜੰਤ ॥ ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥ ਜੀਅਨ ਕੋ ਦਾਤਾ ਮੇਰਾ ਪ੍ਰਭੁ ॥ ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥ ਤਾ ਕੀ ਗਹੀ ਮਨ ਓਟ ॥ ਬੰਧਨ ਤੇ ਹੋਈ ਛੋਟ ॥ ਹਿਰਦੈ ਜਪਿ ਪਰਮਾਨੰਦ ॥ ਮਨ ਮਾਹਿ ਭਏ ਅਨੰਦ ॥੨॥


 



ਦਇਆਲ = ਦਇਆ ਦਾ ਘਰ। ਕੋਟਿ = ਕ੍ਰੋੜਾਂ। ਭਵ = ਜਨਮ, ਜਨਮਾਂ ਦੇ ਗੇੜ। ਖੰਡੇ = ਨਾਸ ਹੋ ਜਾਂਦੇ ਹਨ। ਨਿਮਖ = {निमेष} ਅੱਖ ਦੇ ਫਰਕਣ ਜਿਤਨਾ ਸਮਾ। ਖਿਆਲ = ਧਿਆਨ। ਸਗਲ ਜੰਤ = ਸਾਰੇ ਜੀਵ। ਮਿਲੀਐ ਪ੍ਰਭ = ਪ੍ਰਭੂ ਨੂੰ ਮਿਲ ਪਈਦਾ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਮੰਤ = ਗੁਰੂ ਦਾ ਉਪਦੇਸ਼ (ਲੈ ਕੇ) ॥੧॥ ਕੋ = ਦਾ। ਪੂਰਨ = ਸਰਬ-ਵਿਆਪਕ। ਸੁਆਮੀ = ਮਾਲਕ। ਘਟਿ ਘਟਿ = ਹਰੇਕ ਸਰੀਰ ਵਿਚ। ਰਾਤਾ = ਰਮਿਆ ਹੋਇਆ ॥੧॥ ਤਾ ਕੀ = ਉਸ (ਪ੍ਰਭੂ) ਦੀ। ਗਹੀ = ਫੜੀ। ਮਨ = ਹੇ ਮਨ! ਓਟ = ਆਸਰਾ। ਤੇ = ਤੋਂ। ਛੋਟ = ਖ਼ਲਾਸੀ। ਹਿਰਦੇ ਵਿਚ। ਜਪਿ = ਜਪ ਕੇ। ਮਾਹਿ = ਵਿਚ ॥੨॥


 



ਹੇ ਭਾਈ! ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਦਇਆ ਦਾ ਸੋਮਾ ਹੈ। ਜੇ ਅੱਖ ਫਰਕਣ ਜਿਤਨੇ ਸਮੇ ਵਾਸਤੇ ਭੀ ਉਸ ਦਾ ਧਿਆਨ ਧਰੀਏ, ਤਾਂ ਕ੍ਰੋੜਾਂ ਜਨਮ ਦੇ ਗੇੜ ਕੱਟੇ ਜਾਂਦੇ ਹਨ। ਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ। ਹੇ ਭਾਈ! ਗੁਰੂ ਨੂੰ ਮਿਲ ਕੇ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ ॥੧॥ ਹੇ ਭਾਈ! ਮੇਰਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਮੇਰਾ ਮਾਲਕ ਪਰਮੇਸਰ ਪ੍ਰਭੂ ਸਭ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਰਮਿਆ ਹੋਇਆ ਹੈ ॥੧॥ ਰਹਾਉ॥ ਹੇ ਮਨ! ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ, ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਉਸ ਦੀ ਖ਼ਲਾਸੀ ਹੋ ਗਈ। ਸਭ ਤੋਂ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿਚ ਜਪ ਕੇ- ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ ॥੨॥


 


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!