ਸਲੋਕ ਮ: ੩ ॥ ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥ ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥ ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥ ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥
 
ਆਪਣਾ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਜਾਤਾ = ਸਮਝਿਆ। ਵਿਸਰੀ = ਭੁੱਲ ਗਈ। ਕਿਉ ਰਹੈ = ਕਿਵੇਂ ਰਹਿ ਸਕਦਾ ਹੈ? ਨਹੀਂ ਰਹਿ ਸਕਦਾ। ਹਜੂਰਿ = (ਪਰਮਾਤਮਾ ਦੀ) ਹਜ਼ੂਰੀ ਵਿਚ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਲਾਲਚਿ = ਲਾਲਚ ਵਿਚ। ਕੂਰਿ = ਕੂੜ ਵਿਚ, ਮਾਇਆ ਦੇ ਮੋਹ ਵਿਚ। ਬਖਸਿ = ਬਖ਼ਸ਼ਸ਼ ਕਰ ਕੇ। ਮਿਲਾਇਅਨੁ = ਮਿਲਾ ਲਏ ਉਸ ਪਰਮਾਤਮਾ ਨੇ। ਸਚੇ ਸਬਦਿ = ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਹਦੂਰਿ = (ਆਪਣੀ) ਹਜ਼ੂਰੀ ਵਿਚ।੧।
 
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਆਪਣੇ ਆਤਮਕ ਜੀਵਨ ਨੂੰ (ਕਦੇ) ਪਰਖਦਾ ਨਹੀਂ, ਉਹ ਪਰਮਾਤਮਾ ਨੂੰ (ਕਿਤੇ) ਦੂਰ ਵੱਸਦਾ ਸਮਝਦਾ ਹੈ, ਉਸ ਨੂੰ ਗੁਰੂ ਦੀ ਦੱਸੀ ਕਾਰ (ਸਦਾ) ਭੁੱਲੀ ਰਹਿੰਦੀ ਹੈ, (ਇਸ ਵਾਸਤੇ ਉਸ ਦਾ) ਮਨ (ਪਰਮਾਤਮਾ ਦੀ) ਹਜ਼ੂਰੀ ਵਿਚ (ਕਦੇ) ਨਹੀਂ ਟਿਕਦਾ। ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਝੂਠੇ ਲਾਲਚ ਵਿਚ (ਲੱਗ ਕੇ) ਮਾਇਆ ਦੇ ਮੋਹ ਵਿਚ (ਫਸ ਕੇ ਹੀ ਆਪਣਾ) ਜੀਵਨ ਗਵਾ ਲਿਆ ਹੁੰਦਾ ਹੈ। ਜਿਹੜੇ ਮਨੁੱਖ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਹਜ਼ੂਰੀ ਟਿਕੇ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਨੇ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ।੧।
 
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!