Guru Arjan Dev Ji Shaheedi Diwas 2023: ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਅਡੋਲ, ਨਿਰਭੈ ਤੇ ਸ਼ਾਂਤ-ਚਿੱਤ ਰਹਿ ਕੇ ਧਰਮ ਦੀ ਖਾਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਰਦਈਆਂ ਦੇ ਜ਼ੁਲਮ ਦੀ ਇੰਤਹਾ ਨੂੰ ਤੇ ਜ਼ਾਲਮਾਨਾ ਤਸੀਹਿਆਂ ਨੂੰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਖਿੜ੍ਹੇ-ਮੱਥੇ ਸਹਾਰਿਆ। 


ਗੁਰੂ ਸਾਹਿਬ ਦੀ ਅਨੂਠੀ ਤੇ ਮਹਾਨ ਸ਼ਹਾਦਤ ਨੂੰ ਨਮਨ ਕਰਦੇ ਹੋਏ ਅੱਜ ਦੇਸ਼ ਭਰ ਵਿੱਚ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਤੇ ਗੁਰੂ ਕੇ ਲੰਗਰ ਲਗਾਏ ਜਾ ਰਹੇ ਹਨ। ਸੰਗਤਾ ਵੱਲੋਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰਾਂ ਵਿੱਚ ਜਾ ਕੇ ਦਰਸ਼ਨ ਦੀਦਾਰੇ ਕੀਤੇ ਗਏ ਤੇ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈ ਗਈ। 


'ਏਬੀਪੀ ਸਾਂਝਾ' ਵੀ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰਦਾ ਹੈ ਤੇ ਅਪੀਲ ਕਰਦਾ ਹੈ ਕਿ ਆਓ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ ਪ੍ਰਣ ਕਰੀਏ ਕਿ ਉਨ੍ਹਾਂ ਦੇ ਫਲਸਫਿਆਂ 'ਤੇ ਚੱਲ ਕੇ ਮਨੁੱਖਤਾ ਦੀ ਸੇਵਾ ਵਿੱਚ ਜੁਟੇ ਰਹਾਂਗੇ।


ਸ਼੍ਰੀ ਗੁਰੂ ਅਰਜਨ ਦੇਵ ਵੱਲੋਂ ਦਰਸਾਈ ਜੀਵਨ-ਜਾਚ ਅਪਨਾਉਣ ਦਾ ਸੱਦਾ 


ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕਾਂ ਨੂੰ ਮਾਨਵਤਾ, ਧਾਰਮਿਕ ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਲਈ ਆਪਣੀ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਤੇ ਸ਼ਾਂਤੀ ਦੇ ਪੁੰਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦਰਸਾਈ ਗਈ ਜੀਵਨ-ਜਾਚ ਅਪਨਾਉਣ ਦਾ ਸੱਦਾ ਦਿੱਤਾ ਹੈ।


ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੀ ਪੂਰਬਲੀ ਸ਼ਾਮ ਆਪਣੇ ਸੰਦੇਸ਼ ਵਿੱਚ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਚਮ ਪਾਤਿਸ਼ਾਹ ਨੇ ਧਰਮ ਤੇ ਸੱਚ ਦੀ ਰਾਖੀ ਲਈ ਲਾਸਾਨੀ ਸ਼ਹਾਦਤ ਦਿੱਤੀ ਅਤੇ ਇਸ ਅਜ਼ੀਮ ਸ਼ਹਾਦਤ ਨੇ ਹੀ ਮੁਲਕ ਵਿੱਚੋਂ ਜ਼ਾਲਮ ਮੁਗ਼ਲ ਹਕੂਮਤ ਦੇ ਖ਼ਾਤਮੇ ਦਾ ਮੱਢ ਬੰਨ੍ਹਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ, ਹੱਕ-ਸੱਚ ਦੇ ਮਾਰਗ ਦੇ ਪਾਂਧੀਆਂ ਲਈ ਹਮੇਸ਼ਾ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਪ੍ਰੇਰਣਾਸਰੋਤ ਬਣੀ ਰਹੇਗੀ।



ਉਨ੍ਹਾਂ ਕਿਹਾ ਕਿ ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਜਾਗਦੀ ਜੋਤ ਜਗਤ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’, ਪੂਰੇ ਸੰਸਾਰ ਦੇ ਲੋਕਾਂ ਨੂੰ ਅਜਿਹੀ ਅਦੁੱਤੀ ਤੇ ਵਿਲੱਖਣ ਦੇਣ ਹਨ, ਜਿਨ੍ਹਾਂ ਤੋਂ ਪੂਰੀ ਮਾਨਵਤਾ ਹਮੇਸ਼ਾ ਲਈ ਅਗਵਾਈ ਲੈਂਦੀ ਰਹੇਗੀ। ਉਨ੍ਹਾਂ ਕਿਹਾ ਕਿ ਮਹਾਨ ਗੁਰੂ ਜੀ ਦੇ ਉੱਚੇ-ਸੁੱਚੇ ਵਿਚਾਰਾਂ ਨੂੰ ਅਪਨਾਉਣਾ ਅਤੇ ਹੱਕ-ਸੱਚ ਦੀ ਰਾਖੀ ਕਰਨ ਲਈ ਅੱਗੇ ਆਉਣਾ ਹੀ ਉਨ੍ਹਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।