ਵਿਣੁ ਨਾਵੈ ਵੇਰੋਧੁ ਸਰੀਰ ॥ ਕਿਉ ਨ ਮਿਲਹਿ ਕਾਟਹਿ ਮਨ ਪੀਰ ॥ ਵਾਟ ਵਟਾਊ ਆਵੈ ਜਾਇ ॥ ਕਿਆ ਲੇ ਆਇਆ ਕਿਆ ਪਲੈ ਪਾਇ ॥ ਵਿਣੁ ਨਾਵੈ ਤੋਟਾ ਸਭ ਥਾਇ ॥ ਲਾਹਾ ਮਿਲੈ ਜਾ ਦੇਇ ਬੁਝਾਇ ॥ ਵਣਜੁ ਵਾਪਾਰੁ ਵਣਜੈ ਵਾਪਾਰੀ ॥ ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥ ਗੁਣ ਵੀਚਾਰੇ ਗਿਆਨੀ ਸੋਇ ॥ ਗੁਣ ਮਹਿ ਗਿਆਨੁ ਪਰਾਪਤਿ ਹੋਇ ॥ ਗੁਣਦਾਤਾ ਵਿਰਲਾ ਸੰਸਾਰਿ ॥ ਸਾਚੀ ਕਰਣੀ ਗੁਰ ਵੀਚਾਰਿ ॥ ਅਗਮ ਅਗੋਚਰੁ ਕੀਮਤਿ ਨਹੀ ਪਾਇ ॥ ਤਾ ਮਿਲੀਐ ਜਾ ਲਏ ਮਿਲਾਇ ॥ ਗੁਣਵੰਤੀ ਗੁਣ ਸਾਰੇ ਨੀਤ ॥ ਨਾਨਕ ਗੁਰਮਤਿ ਮਿਲੀਐ ਮੀਤ ॥੧੭॥ ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈ ॥ ਕਸਿ ਕਸਵਟੀ ਸਹੈ ਸੁ ਤਾਉ ॥ ਨਦਰਿ ਸਰਾਫ ਵੰਨੀ ਸਚੜਾਉ ॥ ਜਗਤੁ ਪਸੂ ਅਹੰ ਕਾਲੁ ਕਸਾਈ ॥ ਕਰਿ ਕਰਤੈ ਕਰਣੀ ਕਰਿ ਪਾਈ ॥ ਜਿਨਿ ਕੀਤੀ ਤਿਨਿ ਕੀਮਤਿ ਪਾਈ ॥ ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ ॥੧੮॥ ਖੋਜਤ ਖੋਜਤ ਅੰਮ੍ਰਿਤੁ ਪੀਆ ॥ ਖਿਮਾ ਗਹੀ ਮਨੁ ਸਤਗੁਰਿ ਦੀਆ ॥ ਖਰਾ ਖਰਾ ਆਖੈ ਸਭੁ ਕੋਇ ॥ ਖਰਾ ਰਤਨੁ ਜੁਗ ਚਾਰੇ ਹੋਇ ॥ ਖਾਤ ਪੀਅੰਤ ਮੂਏ ਨਹੀ ਜਾਨਿਆ ॥ ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥ ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥ ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥ ਗਗਨ ਗੰਭੀਰੁ ਗਗਨੰਤਰਿ ਵਾਸੁ ॥ ਗੁਣ ਗਾਵੈ ਸੁਖ ਸਹਜਿ ਨਿਵਾਸੁ ॥ ਗਇਆ ਨ ਆਵੈ ਆਇ ਨ ਜਾਇ ॥ ਗੁਰ ਪਰਸਾਦਿ ਰਹੈ ਲਿਵ ਲਾਇ ॥ ਗਗਨੁ ਅਗੰਮੁ ਅਨਾਥੁ ਅਜੋਨੀ ॥ ਅਸਥਿਰੁ ਚੀਤੁ ਸਮਾਧਿ ਸਗੋਨੀ ॥ ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥ ਗੁਰਮਤਿ ਸਾਰੁ ਹੋਰ ਨਾਮ ਬਿਹੂਨੀ ॥੨੦॥


ਪਦਅਰਥ: ਵੇਰੋਧੁ ਸਰੀਰ = ਸਰੀਰ ਦਾ ਵਿਰੋਧ, ਗਿਆਨ-ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ (ਭਾਵ, ਅੱਖਾਂ ਕੰਨ ਜੀਭ ਆਦਿਕ ਇੰਦ੍ਰੇ ਪਰ ਤਨ ਪਰਾਈ ਨਿੰਦਾ ਆਦਿਕ ਵਲ ਪੈ ਕੇ ਆਤਮਕ ਜੀਵਨ ਨੂੰ ਡੇਗਦੇ ਹਨ) । ਕਿਉ ਨ ਮਿਲਹਿ = (ਹੇ ਪਾਂਡੇ!) ਤੂੰ ਕਿਉਂ (ਗੋਪਾਲ ਨੂੰ) ਨਹੀਂ ਮਿਲਦਾ? ਕਿਉ ਨ ਕਾਟਹਿ = (ਹੇ ਪਾਂਡੇ!) ਤੂੰ ਕਿਉਂ ਦੂਰ ਨਹੀਂ ਕਰਦਾ? ਵਟਾਊ = ਰਾਹੀ, ਮੁਸਾਫ਼ਿਰ। ਆਵੈ = ਜਗਤ ਵਿਚ ਆਉਂਦਾ ਹੈ, ਜੰਮਦਾ ਹੈ। ਜਾਇ = ਮਰ ਜਾਂਦਾ ਹੈ। ਕਿਆ ਲੇ ਆਇਆ = ਕੁਝ ਭੀ ਲੈ ਕੇ ਨਹੀਂ ਆਉਂਦਾ। ਕਿਆ ਪਲੈ ਪਾਇ = ਕੁਝ ਭੀ ਨਹੀਂ ਖੱਟਦਾ। ਤੋਟਾ = ਘਾਟਾ। ਜਾ = ਜੇ। ਦੇਇ ਬੁਝਾਈ = ਪਰਮਾਤਮਾ ਸਮਝ ਬਖ਼ਸ਼ੇ। ਕੈਸੀ ਪਤਿ ਸਾਰੀ = ਕੋਈ ਚੰਗੀ ਇੱਜ਼ਤ ਨਹੀਂ (ਮਿਲਦੀ) । ਪੀਰ = ਪੀੜ, ਰੋਗ। ਗੁਣ ਵੀਚਾਰੇ = ਜੋ ਮਨੁੱਖ ਗੋਪਾਲ ਦੇ ਗੁਣਾਂ ਨੂੰ ਵਿਚਾਰਦਾ ਹੈ, ਆਪਣੇ ਮਨ ਵਿਚ ਥਾਂ ਦੇਂਦਾ ਹੈ। ਗਿਆਨੁ = (ਪਰਮਾਤਮਾ ਨਾਲ) ਜਾਣ-ਪਛਾਣ। ਗਿਆਨੀ = ਪ੍ਰਭੂ ਨਾਲ ਜਾਣ-ਪਛਾਣ ਰੱਖਣ ਵਾਲਾ। ਸੋਇ = ਉਹੀ ਮਨੁੱਖ। ਗੁਣ ਮਹਿ = (ਗੋਪਾਲ ਦੇ) ਗੁਣਾਂ ਵਿਚ (ਚਿੱਤ ਟਿਕਾਇਆਂ) । ਗੁਣ ਦਾਤਾ = (ਗੋਪਾਲ ਦੇ) ਗੁਣਾਂ ਨਾਲ ਸਾਂਝ ਪੈਦਾ ਕਰਨ ਵਾਲਾ। ਸੰਸਾਰਿ = ਸੰਸਾਰ ਵਿਚ। ਗੁਰ ਵੀਚਾਰਿ = ਗੁਰੂ ਦੀ ਦਿੱਤੀ ਹੋਈ ਵਿਚਾਰ ਦੁਆਰਾ। ਕਰਣੀ = ਕਰਤੱਬ। ਸਾਚੀ ਕਰਣੀ = ਸਦਾ-ਥਿਰ ਪ੍ਰਭੂ ਦੇ ਗੁਣ ਚੇਤੇ ਕਰਨ ਵਾਲਾ ਕਰਤੱਬ। ਅਗੋਚਰੁ = ਅਪਹੁੰਚ। ਕੀਮਤਿ ਨਹੀ ਪਾਇ = (ਗੁਰੂ ਤੋਂ ਬਿਨਾ ਗੋਪਾਲ ਦੇ ਗੁਣਾਂ ਦੀ) ਕਦਰ ਨਹੀਂ ਪੈ ਸਕਦੀ। ਗੁਣਵੰਤੀ = ਉਹ ਜੀਵ-ਇਸਤ੍ਰੀ ਜਿਸ ਦੇ ਅੰਦਰ ਚੰਗੇ ਗੁਣ ਹਨ। ਸਾਰੇ = ਸੰਭਾਲਦੀ ਹੈ, ਯਾਦ ਕਰਦੀ ਹੈ। ਗੁਰਮਤਿ = ਸਤਿਗੁਰੂ ਦੀ ਮੱਤ ਲੈ ਕੇ। ਮਿਲੀਐ ਮੀਤ = ਮਿਤ੍ਰ ਪ੍ਰਭੂ ਨੂੰ ਮਿਲ ਸਕੀਦਾ ਹੈ।
ਨੋਟ: ਇਥੋਂ ਪੱਟੀ ਦੇ ਵਿਅੰਜਨ ਅੱਖਰ ਸ਼ੁਰੂ ਹੁੰਦੇ ਹਨ।


ਪਦਅਰਥ: ਗਾਲੈ = ਨਿਰਬਲ ਕਰ ਦੇਂਦਾ ਹੈ। ਕਉ = ਨੂੰ। ਕੰਚਨ ਢਾਲੈ = ਸੋਨੇ ਨੂੰ ਨਰਮ ਕਰਦਾ ਹੈ। ਕਸਿ ਕਸਵਟੀ = ਕਸਵੱਟੀ ਦੀ ਘੱਸ। ਸੁ = ਉਹ ਸੋਨਾ। ਤਾਉ = ਸੇਕ। ਵੰਨ = ਰੰਗ। ਵੰਨੀਸ = ਸੋਹਣੇ ਰੰਗ ਵਾਲਾ। ਸਰਾਫ = ਸੋਨੇ ਚਾਂਦੀ ਦਾ ਵਪਾਰੀ। ਅਹੰ = ਹਉਮੈ। ਕਸਾਈ = ਮਾਰਨ ਵਾਲਾ। ਕਾਲੁ = ਮੌਤ। ਕਰਿ = ਪੈਦਾ ਕਰ ਕੇ। ਕਰਤੈ = ਕਰਤਾਰ ਨੇ। ਕਰਿ = ਕਰ ਵਿਚ, ਹੱਥ ਵਿਚ, (ਭਾਵ, ਜੀਆਂ ਦੇ ਪੱਲੇ) । ਕਰਣੀ = ਕਰਤੂਤ। ਕਰਤੈ...ਪਾਈ = ਕਰਤਾਰ ਨੇ ਜੀਆਂ ਦੇ ਪੱਲੇ ਆਪੋ ਆਪਣੀ ਕਰਤੂਤ ਪਾਈ ਹੈ (ਭਾਵ, ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ) । ਜਿਨਿ = ਜਿਸ (ਕਰਤਾਰ) ਨੇ। ਕੀਤੀ = ਇਹ (ਕਰਣੀ ਵਾਲੀ ਮਰਯਾਦਾ) ਬਣਾਈ ਹੈ। ਤਿਨਿ = ਉਸ (ਕਰਤਾਰ) ਨੇ। ਕੀਮਤਿ ਪਾਈ = (ਇਹ ਮਰਯਾਦਾ ਦੀ) ਕਦਰ ਜਾਣੀ ਹੈ। ਹੋਰ ਕਿਆ ਕਹੀਐ = ਇਸ ਮਰਯਾਦਾ ਬਾਰੇ ਹੋਰ ਕੁਝ ਆਖਿਆ ਨਹੀਂ ਜਾ ਸਕਦਾ, (ਭਾਵ, ਇਸ ਮਰਯਾਦਾ ਵਿਚ ਕੋਈ ਉਕਾਈ ਲੱਭੀ ਨਹੀਂ ਜਾ ਸਕਦੀ) । ਨੋਟ: ਪਹਿਲੀ ਤੁਕ ਵਿਚ 'ਕਾਇਆ' ਅਤੇ 'ਕੰਚਨ' ਦਾ ਟਾਕਰਾ ਕੀਤਾ ਹੈ। ਸੋ, ਦੂਜੀ ਤੁਕ ਦੇ ਲਫ਼ਜ਼ 'ਕਸਿ ਕਸਵਟੀ', 'ਤਾਉ' ਅਤੇ 'ਸਰਾਫ' ਨੂੰ 'ਕਾਇਆ' ਵਾਸਤੇ ਵਰਤਣ ਲੱਗਿਆਂ 'ਕਸਿ ਕਸਵਟੀ' ਦਾ ਅਰਥ ਹੈ 'ਗੁਰਮਤਿ', ਇਹ ਖ਼ਿਆਲ ਪਿਛਲੀ ਪਉੜੀ ਦੀ ਅਖ਼ੀਰਲੀ ਤੁਕ ਵਿਚੋਂ ਲੈਣਾ ਹੈ। ਤਾਉ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੀ ਘਾਲ-ਕਮਾਈ। ਸਰਾਫ = ਪਰਮਾਤਮਾ। ਖੋਜਤ ਖੋਜਤ = (ਗੁਰੂ ਦੀ ਮਤਿ ਦੀ ਸਹੈਤਾ ਨਾਲ) ਮੁੜ ਮੁੜ ਖੋਜ ਕੇ। ਪੀਆ = (ਜਿਸ ਮਨੁੱਖ ਨੇ) ਪੀਤਾ। ਖਿਮਾ = ਕਿਸੇ ਦੀ ਵਧੀਕੀ ਸਹਾਰਨ ਦਾ ਸੁਭਾਉ। ਗਹੀ = ਗ੍ਰਹਿਣ ਕੀਤੀ, ਪਕਾ ਲਈ। ਸਤਿਗੁਰਿ ਦੀਆ = ਸਤਿਗੁਰੂ ਵਿਚ ਲੀਨ ਕਰ ਦਿੱਤਾ। ਸਭੁ ਕੋਇ = ਹਰੇਕ ਜੀਵ। ਜੁਗ ਚਾਰੇ = ਸਦਾ ਲਈ। ਖਾਤ ਪੀਅੰਤ = ਦੁਨੀਆ ਦੇ ਪਦਾਰਥ ਖਾਂਦੇ ਪੀਂਦੇ, ਦੁਨੀਆ ਦੇ ਭੋਗ ਭੋਗਦੇ। ਮੂਏ = ਜੋ ਆਤਮਕ ਜੀਵਨ ਵਲੋਂ ਮਰ ਗਏ। ਨਹੀ ਜਾਨਿਆ = (ਅੰਮ੍ਰਿਤ ਦੀ) ਸੂਝ ਨਹੀਂ ਪਾਈ। ਖਿਨ ਮਹਿ ਮੂਏ = ਪਲ ਵਿਚ ਹੀ ਆਪਾ-ਭਾਵ ਵਲੋਂ ਮਰ ਗਏ। ਜਾ = ਜਦੋਂ। ਸਬਦੁ ਪਛਾਨਿਆ = ਸ਼ਬਦ ਨੂੰ ਪਛਾਣ ਲਿਆ, ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਲਈ। ਅਸਥਿਰੁ = ਅਡੋਲ। ਮਰਨਿ = ਮਰਨ ਵਿਚ, ਆਪਾ-ਭਾਵ ਮੁਕਾਣ ਵਿਚ, ਹਉਮੈ (ਅਹੰ) ਦੂਰ ਕਰਨ ਵਿਚ। ਮਾਨਿਆ = ਪਤੀਜ ਜਾਂਦਾ ਹੈ, ਸ਼ੌਕ ਪਰਗਟ ਕਰਦਾ ਹੈ। ਗਗਨ = ਆਕਾਸ਼ ਵਾਂਗ ਸਰਬ-ਵਿਆਪਕ ਪਰਮਾਤਮਾ। ਗੰਭੀਰੁ = ਧੀਰਾ, ਜਿਗਰੇ ਵਾਲਾ, ਜੀਵਾਂ ਦੇ ਔਗੁਣ ਵੇਖ ਕੇ ਗੁੱਸੇ ਵਿਚ ਨਾਹ ਆਉਣ ਵਾਲਾ। ਗਗਨੰਤਰਿ = ਗਗਨ-ਅੰਤਰਿ, ਸਰਬ-ਵਿਆਪਕ ਗੋਪਾਲ ਵਿਚ। ਸਹਜਿ = ਸਹਿਜ ਵਿਚ, ਅਡੋਲਤਾ ਵਿਚ। ਗਇਆ ਨ ਆਵੈ = ਨ ਗਇਆ ਨ ਆਵੈ, ਜੰਮਣ ਮਰਨ ਵਿਚ ਨਹੀਂ ਆਉਂਦਾ। ਅਗੰਮੁ = ਅਪਹੁੰਚ। ਅਨਾਥੁ = ਜਿਸ ਦੇ ਉਪਰ ਕੋਈ ਨਾਥ ਨਹੀਂ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ। ਅਸਥਿਰੁ = ਟਿਕਵਾਂ, ਟਿਕਿਆ ਹੋਇਆ, ਅਡੋਲ। ਚੀਤੁ = ਚਿੱਤ। ਸਮਾਧਿ = ਪਰਮਾਤਮਾ ਵਿਚ ਲੀਨਤਾ। ਸਗੋਨੀ = ਸ-ਗੁਣੀ = ਗੁਣ ਪੈਦਾ ਕਰਨ ਵਾਲੀ। ਚੇਤਿ = (ਹੇ ਪਾਂਡੇ!) ਸਿਮਰ, ਯਾਦ ਕਰ। ਪਵਹਿ ਨ = (ਹੇ ਪਾਂਡੇ!) ਤੂੰ ਨਹੀਂ ਪਏਂਗਾ। ਸਾਰੁ = ਤੱਤ, ਸ੍ਰੇਸ਼ਟ। ਹੋਰ = ਹੋਰ ਮਤਿ। ਨਾਮ ਬਿਹੂਨੀ = ਨਾਮ ਤੋਂ ਵਾਂਜਿਆ ਰੱਖਣ ਵਾਲੀ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ।


 ਅਰਥ: (ਹੇ ਪਾਂਡੇ! ਤੂੰ ਕਿਉਂ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਨਹੀਂ ਲਿਖਦਾ?) ਤੂੰ ਕਿਉਂ (ਗੋਪਾਲ ਦੀ ਯਾਦ ਵਿਚ) ਨਹੀਂ ਜੁੜਦਾ? ਤੇ, ਕਿਉਂ ਆਪਣੇ ਮਨ ਦਾ ਰੋਗ ਦੂਰ ਨਹੀਂ ਕਰਦਾ? (ਗੋਪਾਲ ਦਾ) ਨਾਮ ਸਿਮਰਨ ਤੋਂ ਬਿਨਾ ਗਿਆਨ ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ ਪੈ ਜਾਂਦਾ ਹੈ। (ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾ) ਜੀਵ-ਮੁਸਾਫ਼ਿਰ ਜਗਤ ਵਿਚ (ਜਿਹਾ) ਆਉਂਦਾ ਹੈ ਤੇ (ਤਿਹਾ ਹੀ ਇਥੋਂ) ਤੁਰ ਜਾਂਦਾ ਹੈ, (ਨਾਮ ਦੀ ਕਮਾਈ ਤੋਂ) ਸੱਖਣਾ ਹੀ ਇਥੇ ਆਉਂਦਾ ਹੈ ਤੇ (ਇਥੇ ਰਹਿ ਕੇ ਭੀ) ਕੋਈ ਆਤਮਕ ਖੱਟੀ ਨਹੀਂ ਖੱਟਦਾ। ਨਾਮ ਤੋਂ ਵਾਂਜੇ ਰਿਹਾਂ ਹਰ ਥਾਂ ਘਾਟਾ ਹੀ ਘਾਟਾ ਹੁੰਦਾ ਹੈ (ਭਾਵ, ਮਨੁੱਖ ਪ੍ਰਭੂ ਨੂੰ ਵਿਸਾਰ ਕੇ ਜੋ ਭੀ ਕਿਰਤ-ਕਾਰ ਕਰਦਾ ਹੈ ਉਹ ਖੋਟੀ ਹੋਣ ਕਰ ਕੇ ਉੱਚੇ ਜੀਵਨ ਵਲੋਂ ਹੋਰ ਹੋਰ ਪਰੇ ਲੈ ਜਾਂਦੀ ਹੈ) । ਪਰ ਮਨੁੱਖ ਨੂੰ ਪ੍ਰਭੂ ਦੇ ਨਾਮ ਦੀ ਖੱਟੀ ਤਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਗੋਪਾਲ ਆਪ ਇਹ ਸੂਝ ਬਖ਼ਸ਼ਦਾ ਹੈ। ਨਾਮ ਤੋਂ ਸੱਖਣਾ ਰਹਿ ਕੇ ਜੀਵ-ਵਣਜਾਰਾ ਹੋਰ ਹੋਰ ਵਣਜ-ਵਪਾਰ ਹੀ ਕਰਦਾ ਹੈ, ਤੇ (ਪਰਮਾਤਮਾ ਦੀ ਹਜ਼ੂਰੀ ਵਿਚ) ਇਸ ਦੀ ਚੰਗੀ ਸਾਖ ਨਹੀਂ ਬਣਦੀ ।੧੬। (ਹੇ ਪਾਂਡੇ!) ਉਹੀ ਮਨੁੱਖ ਗੋਪਾਲ-ਪ੍ਰਭੂ ਨਾਲ ਸਾਂਝ ਵਾਲਾ ਹੁੰਦਾ ਹੈ ਜੋ ਉਸ ਦੇ ਗੁਣਾਂ ਨੂੰ ਆਪਣੇ ਮਨ ਵਿਚ ਥਾਂ ਦੇਂਦਾ ਹੈ; ਗੋਪਾਲ ਦੇ ਗੁਣਾਂ ਵਿਚ (ਚਿੱਤ ਜੋੜਿਆਂ ਹੀ) ਗੋਪਾਲ ਨਾਲ ਸਾਂਝ ਬਣਦੀ ਹੈ। ਪਰ ਜਗਤ ਵਿਚ ਕੋਈ ਵਿਰਲਾ (ਮਹਾ ਪੁਰਖ ਜੀਵ ਦੀ) ਗੋਪਾਲ ਦੇ ਗੁਣਾਂ ਨਾਲ ਜਾਣ-ਪਛਾਣ ਕਰਾਂਦਾ ਹੈ; ਗੋਪਾਲ ਦੇ ਗੁਣ ਯਾਦ ਕਰਨ ਦਾ ਸੱਚਾ ਕਰਤੱਬ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਹੀ ਹੋ ਸਕਦਾ ਹੈ। (ਹੇ ਪਾਂਡੇ!) ਉਹ ਗੋਪਾਲ ਅਪਹੁੰਚ ਹੈ, ਜੀਵ ਦੇ ਗਿਆਨ-ਇੰਦ੍ਰੇ ਉਸ ਤਕ ਨਹੀਂ ਅੱਪੜ ਸਕਦੇ, (ਸਤਿਗੁਰੂ ਦੀ ਦਿੱਤੀ ਸੂਝ ਤੋਂ ਬਿਨਾ) ਉਸ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ। ਉਸ ਪ੍ਰਭੂ ਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਉਹ (ਸਤਿਗੁਰੂ ਦੀ ਰਾਹੀਂ) ਆਪ ਮਿਲਾ ਲਏ। ਹੇ ਨਾਨਕ! ਕੋਈ ਭਾਗਾਂ ਵਾਲੀ ਜੀਵ-ਇਸਤ੍ਰੀ ਗੋਪਾਲ ਦੇ ਗੁਣ ਸਦਾ ਚੇਤੇ ਰੱਖਦੀ ਹੈ, ਸਤਿਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਹੀ ਮਿਤ੍ਰ-ਪ੍ਰਭੂ ਨੂੰ ਮਿਲ ਸਕੀਦਾ ਹੈ ।੧੭। ਜਿਵੇਂ ਸੋਹਾਗਾ (ਕੁਠਾਲੀ ਵਿਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ, (ਤਿਵੇਂ) ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ। ਉਹ (ਢਲਿਆ ਹੋਇਆ) ਸੋਨਾ (ਕੁਠਾਲੀ ਵਿਚ) ਸੇਕ ਸਹਿੰਦਾ ਹੈ, ਫਿਰ ਕਸਵੱਟੀ ਦੀ ਕੱਸ ਸਹਾਰਦਾ ਹੈ (ਭਾਵ, ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ) , ਤੇ, ਸੋਹਣੇ ਰੰਗ ਵਾਲਾ ਉਹ ਸੋਨਾ ਸਰਾਫ਼ ਦੀ ਨਜ਼ਰ ਵਿਚ ਕਬੂਲ ਪੈਂਦਾ ਹੈ। (ਕਾਮ ਕ੍ਰੋਧ ਨਾਲ ਨਿਰਬਲ ਹੋਇਆ ਜੀਵ ਭੀ ਪ੍ਰਭੂ ਦੀ ਮਿਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ, ਤੇ ਗੁਰੂ ਦੀ ਦੱਸੀ ਸਿੱਖਿਆ ਉਤੇ ਪੂਰਾ ਉਤਰਦਾ ਹੈ ਤਾਂ ਉਹ ਸੋਹਣੇ ਆਤਮਾ ਵਾਲਾ ਪ੍ਰਾਣੀ ਅਕਾਲ ਪੁਰਖ ਦੀ ਨਜ਼ਰ ਵਿਚ ਕਬੂਲ ਹੁੰਦਾ ਹੈ) । ਜਗਤ (ਸੁਆਰਥ ਵਿਚ) ਪਸ਼ੂ ਬਣਿਆ ਪਿਆ ਹੈ, ਹਉਮੈ-ਮੌਤ ਇਸ ਦੇ ਆਤਮਕ ਜੀਵਨ ਦਾ ਸੱਤਿਆਨਾਸ ਕਰਦੀ ਹੈ। ਕਰਤਾਰ ਨੇ ਸ੍ਰਿਸ਼ਟੀ ਰਚ ਕੇ ਇਹ ਮਰਯਾਦਾ ਹੀ ਬਣਾ ਦਿੱਤੀ ਹੈ ਕਿ ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। ਪਰ ਜਿਸ ਕਰਤਾਰ ਨੇ ਇਹ ਮਰਯਾਦਾ ਬਣਾਈ ਹੈ ਇਸ ਦੀ ਕਦਰ ਉਹ ਆਪ ਹੀ ਜਾਣਦਾ ਹੈ। ਇਸ ਮਰਯਾਦਾ ਵਿਚ ਕੋਈ ਉਕਾਈ ਨਹੀਂ ਦੱਸੀ ਜਾ ਸਕਦੀ ।੧੮। ਨੋਟ: ਲਫ਼ਜ਼ 'ਪੀਆ, ਦੀਆ, ਜਾਨਿਆ'। ਆਦਿਕ ਭੂਤਕਾਲ ਵਿਚ ਹਨ। ਅਰਥ ਵਰਤਮਾਨ ਕਾਲ ਵਿਚ ਕਰਨਾ ਹੈ। (ਸਤਿਗੁਰੂ ਦੀ ਮਤਿ ਦੀ ਸਹੈਤਾ ਨਾਲ) ਜੋ ਮਨੁੱਖ ਮੁੜ ਮੁੜ (ਆਪਣਾ ਆਪ) ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਪਕਾ ਲੈਂਦਾ ਹੈ, ਤੇ, ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਦੇਂਦਾ ਹੈ। ਹਰੇਕ ਜੀਵ ਉਸ ਦੇ ਖਰੇ (ਸੁੱਚੇ) ਜੀਵਨ ਦੀ ਸਲਾਘਾ ਕਰਦਾ ਹੈ, ਉਹ ਸਦਾ ਲਈ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ। ਪਰ ਜੋ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਕ ਜੀਵਨ ਵਲੋਂ ਮਰ ਜਾਂਦੇ ਹਨ, ਉਹਨਾਂ ਨੂੰ (ਨਾਮ-ਅੰਮ੍ਰਿਤ ਦੀ) ਸੂਝ ਨਹੀਂ ਪੈਂਦੀ। (ਉਹੀ ਬੰਦੇ) ਜਦ ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਂਦੇ ਹਨ, ਤਾਂ ਉਹ ਇਕ ਪਲਕ ਵਿਚ ਹਉਮੈ ਨੂੰ ਮਾਰ ਮੁਕਾਂਦੇ ਹਨ। ਉਹਨਾਂ ਦਾ ਮਨ (ਕਾਮ ਕ੍ਰੋਧ ਆਦਿਕ ਵਲੋਂ) ਅਡੋਲ ਹੋ ਜਾਂਦਾ ਹੈ, ਤੇ ਆਪਾ-ਭਾਵ ਵਲੋਂ ਮਰਨ ਵਿਚ ਖ਼ੁਸ਼ ਹੁੰਦਾ ਹੈ। ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਦੇ ਨਾਮ ਨਾਲ ਉਹਨਾਂ ਦੀ ਡੂੰਘੀ ਸਾਂਝ ਪੈ ਜਾਂਦੀ ਹੈ ।੧੯। (ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ, ਉਹ ਗੋਪਾਲ) ਸਰਬ-ਵਿਆਪਕ ਹੈ ਤੇ ਜੀਵਾਂ ਦੇ ਔਗੁਣ ਵੇਖ ਕੇ ਛਿੱਥਾ ਨਹੀਂ ਪੈਂਦਾ। ਜਿਸ ਮਨੁੱਖ ਦਾ ਮਨ ਉਸ ਸਰਬ ਵਿਆਪਕ ਗੋਪਾਲ ਵਿਚ ਟਿਕਦਾ ਹੈ, ਜੋ ਮਨੁੱਖ ਉਸ ਦੇ ਗੁਣ ਗਾਂਦਾ ਹੈ, ਉਹ ਸ਼ਾਂਤੀ ਅਤੇ ਅਡੋਲਤਾ ਵਿਚ ਟਿਕ ਜਾਂਦਾ ਹੈ; ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਸਤਿਗੁਰੂ ਦੀ ਕਿਰਪਾ ਨਾਲ ਉਹ (ਸਰਬ-ਵਿਆਪਕ ਗੋਪਾਲ ਵਿਚ) ਸੁਰਤਿ ਜੋੜੀ ਰੱਖਦਾ ਹੈ। ਉਹ ਸਰਬ-ਵਿਆਪਕ ਗੋਪਾਲ ਅਪਹੁੰਚ ਹੈ (ਭਾਵ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ) , ਉਸ ਦੇ ਸਿਰ ਉਤੇ ਕਿਸੇ ਦਾ ਕੁੰਡਾ ਨਹੀਂ ਹੈ, ਉਹ ਜੰਮਣ-ਮਰਨ ਤੋਂ ਰਹਿਤ ਹੈ। ਉਸ ਵਿਚ ਜੋੜੀ ਹੋਈ ਸੁਰਤਿ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ, ਤੇ ਮਨ ਨੂੰ ਮਾਇਆ ਵਿਚ ਡੋਲਣ ਤੋਂ ਬਚਾ ਲੈਂਦੀ ਹੈ। (ਹੇ ਪਾਂਡੇ!) ਤੂੰ (ਭੀ) ਉਸ ਹਰਿ-ਗੋਪਾਲ ਦਾ ਨਾਮ ਸਿਮਰ, (ਸਿਮਰਨ ਦੀ ਬਰਕਤਿ ਨਾਲ) ਫਿਰ ਜਨਮ-ਮਰਨ ਵਿਚ ਨਹੀਂ ਪਏਂਗਾ। (ਹੇ ਪਾਂਡੇ!) ਸਤਿਗੁਰੂ ਦੀ ਮਤਿ ਹੀ (ਜੀਵਨ ਲਈ) ਸ੍ਰੇਸ਼ਟ ਰਸਤਾ ਹੈ, ਹੋਰ ਮਤਿ ਉਸ ਦੇ ਨਾਮ ਤੋਂ ਵਾਂਜਿਆ ਰੱਖਦੀ ਹੈ।੨੦।