ਸਲੋਕ ਮਃ ੩ ॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥ ਮਃ ੩ ॥ ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥ ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥ ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥ ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥ਪਉੜੀ ॥ ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥ ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥ ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥ ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥ ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥
ਅਰਥ :- ਜੋ ਮਨੁੱਖ (ਵਿਕਾਰਾਂ ਨਾਲ) ਲਿਬੜਿਆ ਹੋਇਆ (ਏਥੇ ਜਗਤ ਵਿਚ) ਲਿਆਂਦਾ ਗਿਆ, ਉਹ ਏਥੇ ਆ ਕੇ (ਹੋਰ ਵਿਕਾਰਾਂ ਵਿਚ ਹੀ) ਲਿੱਬੜਦਾ ਹੈ (ਤੇ ਸ਼ਰਾਬ ਆਦਿਕ ਕੁਕਰਮ ਵਿਚ ਪੈਂਦਾ ਹੈ) , ਪਰ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ। ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ 'ਨਾਮ'-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ, ਉਹ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ।੧। ਜਦੋਂ ਇਸ ਸੰਸਾਰ ਨੂੰ (ਭਾਵ, ਸੰਸਾਰੀ ਜੀਵਾਂ ਨੂੰ) ਸਮਝ ਪੈਂਦੀ ਹੈ ਤਦੋਂ ਇਹ ਜੀਊਂਦਾ ਹੀ ਮਰਦਾ ਹੈ (ਭਾਵ, ਮਾਇਆ ਵਿਚ ਵਿਚਰਦਾ ਹੋਇਆ ਹੀ ਮਾਇਆ ਵਲੋਂ ਉਪਰਾਮ ਰਹਿੰਦਾ ਹੈ;) (ਪਰ) ਸੂਝ ਤਦੋਂ ਹੁੰਦੀ ਹੈ ਜਦੋਂ ਪ੍ਰਭੂ ਆਪ ਜਗਾਉਂਦਾ ਹੈ, ਜਦ ਤਾਈਂ ਉਸ ਨੇ (ਮਾਇਆ ਵਿਚ) ਸਵਾਲਿਆ ਹੋਇਆ ਹੈ, ਤਦ ਤਾਈਂ ਸੁੱਤਾ ਰਹਿੰਦਾ ਹੈ । ਹੇ ਨਾਨਕ! ਜੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰੇ, ਤਾਂ ਉਹ ਆਪ (ਸੰਸਾਰ ਨੂੰ) ਸਤਿਗੁਰੂ ਮੇਲਦਾ ਹੈ, ਤੇ ਸਤਿਗੁਰੂ ਦੀ ਕਿਰਪਾ ਨਾਲ (ਸੰਸਾਰ) ਜੀਊਂਦਾ ਹੋਇਆ ਹੀ ਮਰਦਾ ਹੈ, ਫੇਰ ਮੁੜ ਕੇ ਮਰਨਾ ਨਹੀਂ ਹੁੰਦਾ (ਭਾਵ, ਜਨਮ ਮਰਨ ਤੋਂ ਬਚ ਜਾਂਦਾ ਹੈ) ।੨। ਉਸ ਪ੍ਰਭੂ ਨੂੰ ਕਿਸੇ ਦੀ ਕਾਣ ਨਹੀਂ ਕਿਉਂਕਿ ਸਭ ਕੁਝ ਹੁੰਦਾ ਹੀ ਉਸ ਦਾ ਕੀਤਾ ਹੋਇਆ ਹੈ; (ਸਗੋਂ) , ਹੇ ਹਰੀ! ਸਾਰੀ ਸ੍ਰਿਸ਼ਟੀ ਤੇਰੀ ਮੁਥਾਜੀ ਕੱਢਦੀ ਹੈ (ਕਿਉਂਕਿ) ਹਰੇਕ ਜੀਵ ਤੇਰਾ ਦਿੱਤਾ ਖਾਂਦਾ ਹੈ । ਹੇ ਪ੍ਰਭੂ! ਜੋ ਮਨੁੱਖ ਤੇਰੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ, ਕਿਉਂਕਿ ਉਸ ਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ, ਹੇ ਹਰੀ! ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ । ਹੇ ਸੰਤ ਜਨੋ! ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ, ਤੁਸੀ ਸਾਰੇ ਉਸੇ ਦੀ ਸਿਫ਼ਤਿ-ਸਾਲਾਹ ਕਰੋ ।੧੬।