ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥



ਪਦਅਰਥ:- ਬਾਂਧੇ—ਬੱਝੇ ਹੋਏ ਹਾਂ। ਫਾਸ—ਫਾਹੀ। ਬਧਨਿ—ਰੱਸੀ ਨਾਲ। ਤੁਮ—ਤੈਨੂੰ। ਕੋ—ਦਾ।1। ਜਾਨਤ ਹਹੁ—ਤੁਸੀ ਜਾਣਦੇ ਹੋ। ਜੈਸੀ—ਜਿਹੋ ਜਿਹੀ (ਭਗਤਾਂ ਦੀ ਪ੍ਰੀਤ ਹੈ ਤੇਰੇ ਨਾਲ)। ਐਸੀ—ਅਜਿਹੀ ਪ੍ਰੀਤ ਦੇ ਹੁੰਦਿਆਂ। ਕਹਾ ਕਰਹੁਗੇ—ਕੀਹ ਕਰੇਂਗਾ? ਇਸ ਤੋਂ ਬਿਨਾ ਹੋਰ ਕੀਹ ਕਰੇਂਗਾ? (ਭਾਵ, ਤੂੰ ਜ਼ਰੂਰ ਆਪਣੇ ਭਗਤਾਂ ਨੂੰ ਮੋਹ ਤੋਂ ਬਚਾਈ ਰੱਖੇਂਗਾ)।1। ਰਹਾਉ। ਮੀਨੁ—ਮੱਛੀ। ਪਕਰਿ—ਫੜ ਕੇ। ਫਾਂਕਿਓ—ਫਾੜੀ ਫਾੜੀ ਕਰ ਦਿੱਤੀ। ਰਾਂਧਿ ਕੀਓ—ਰਿੰਨ੍ਹ ਲਈ। ਬਹੁ ਬਾਨੀ—ਕਈ ਤਰੀਕਿਆਂ ਨਾਲ। ਖੰਡ—ਟੋਟਾ। ਤਊ—ਤਾਂ ਭੀ।2। ਬਾਪੈ—ਪਿਉ ਦੀ (ਮਲਕੀਅਤ)। ਭਾਵਨ ਕੋ—ਪ੍ਰੇਮ ਦਾ (ਬੱਧਾ ਹੋਇਆ)। ਰਾਜਾ—ਜਗਤ ਦਾ ਮਾਲਕ (ਨੋਟ:- ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ਪਰਮਾਤਮਾ ਦੇ ਨਾਵਾਂ ਦੇ ਨਾਲ ਲਫ਼ਜ਼ ‘ਰਾਜਾ’ ਭੀ ਬਹੁਤ ਵਾਰੀ ਵਰਤਦੇ ਹਨ; ਹਰੇਕ ਕਵੀ ਦਾ ਆਪੋ ਆਪਣਾ ਸੁਭਾਵ ਹੁੰਦਾ ਹੈ ਕਿ ਕੋਈ ਖ਼ਾਸ ਲਫ਼ਜ਼ ਮੁੜ ਮੁੜ ਵਰਤਣਾ ਉਹਨਾਂ ਨੂੰ ਪਿਆਰਾ ਲੱਗਦਾ ਹੈ)। ਪਟਲ—ਪਰਦਾ। ਬਿਆਪਿਓ—ਛਾਇਆ ਹੋਇਆ ਹੈ। ਸੰਤਾਪ—(ਮੋਹ ਦਾ) ਕਲੇਸ਼।3। ਭਗਤਿ ਇਕ—ਇੱਕ ਪ੍ਰਭੂ ਦੀ ਭਗਤੀ। ਬਾਢੀ—ਵਧਾਈ ਹੈ, ਦ੍ਰਿੜ੍ਹ ਕੀਤੀ ਹੈ। ਅਬ...ਕਹੀਐ—ਹੁਣ ਕਿਸੇ ਨਾਲ ਇਹ ਗੱਲ ਕਰਨ ਦੀ ਲੋੜ ਹੀ ਨਹੀਂ ਰਹੀ। ਜਾ ਕਾਰਨਿ—ਜਿਸ (ਮੋਹ ਤੋਂ ਬਚਣ) ਦੀ ਖ਼ਾਤਰ। ਅਜਹੂ—ਹੁਣ ਤੱਕ।4।

 



ਅਰਥ:- ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਜੀ ਆਖਦੇ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2।

 


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!