ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਧਾਰਮਿਕ ਸਦਭਾਵਨਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਮੁਸਲਿਮ ਵਿਅਕਤੀ ਮਸਜਿਦ ਵਿੱਚ ਨਹੀਂ, ਬਲਕਿ ਗੁਰਦੁਆਰੇ ਵਿੱਚ ਨਮਾਜ਼ ਪੜ੍ਹਦਾ ਨਜ਼ਰ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇੱਕ ਪਾਸੇ ਗ੍ਰੰਥੀ ਮਾਈਕ ’ਤੇ ਗੁਰਬਾਣੀ ਪੜ੍ਹ ਰਿਹਾ ਹੈ ਤੇ ਦੂਜੇ ਪਾਸੇ ਨਮਾਜ਼ ਪੜ੍ਹੀ ਜਾ ਰਹੀ ਹੈ। ਇਸ ਵੀਡੀਓ ਨੂੰ ਗੁਰਦੁਆਰੇ ਵਿੱਚ ਮੌਜੂਦ ਇੱਕ ਵਿਅਕਤੀ ਨੇ ਰਿਕਾਰਡ ਕਰ ਲਿਆ ਤੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ। ਇਸਦੇ ਬਾਅਦ ਲੋਕਾਂ ਨੇ ਇਸ ਮੰਜ਼ਰ ਨੂੰ ਖੂਬ ਸਰਾਹਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਘਟਨਾ ਮਲੇਸ਼ੀਆ ਦੀ ਹੈ। ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਐਡਮਿਨ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਇੱਕ ਮੁਸਲਿਮ ਭਰਾ ਗੁਰਦੁਆਰੇ ਵਿੱਚ ਨਮਾਜ਼ ਪੜ੍ਹ ਰਿਹਾ ਹੈ। ਸੰਭਵ ਹੈ ਕਿ ਉਸ ਨੂੰ ਆਸ-ਪਾਸ ਕੋਈ ਮਸਜਿਦ ਨਹੀਂ ਮਿਲੀ ਜਿਸ ਕਰਕੇ ਉਹ ਗੁਰਦੁਆਰੇ ’ਚ ਹੀ ਨਮਾਜ਼ ਪੜ੍ਹਨ ਲਈ ਆ ਗਿਆ। ਹਾਲਾਂਕਿ, ਇਸ ਸਬੰਧੀ ਕਈਆਂ ਨੇ ਸਵਾਲ ਵੀ ਉਠਾਏ ਕਿ ਕੀ ਗੁਰਦੁਆਰਾ ਪ੍ਰਬੰਧਕਾਂ ਨੇ ਉਸ ਵਿਅਕਤੀ ਨੂੰ ਗੁਰਦੁਆਰੇ ਵਿੱਚ ਨਮਾਜ਼ ਪੜ੍ਹਨ ਤੋਂ ਰੋਕਿਆ ਕਿਉਂ ਨਹੀਂ।