ਅੰਮ੍ਰਿਤਸਰ: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।


 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਨਗਰ ਕੀਰਤਨ ਦੀ ਆਰੰਭਤਾ ਮੌਕੇ ਅਰਦਾਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕੀਤਾ।

ਨਗਰ ਕੀਰਤਨ ਵਿਚ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੇ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ, ਜਦਕਿ ਵੱਖ-ਵੱਖ ਥਾਵਾਂ ’ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਇਆ। ਸਕੂਲੀ ਵਿਦਿਆਰਥੀਆਂ ਦੇ ਬੈਂਡ ਤੇ ਗਤਕਾ ਪਾਰਟੀਆਂ ਵੱਲੋਂ ਸਿੱਖ ਸ਼ਸਤਰ ਕਲਾ ਦੇ ਬਾਖ਼ੂਬੀ ਜੌਹਰ ਵੀ ਖਿੱਚ ਦਾ ਕੇਂਦਰ ਬਣੇ।


ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਣ ਮਗਰੋਂ ਚੌਕ ਪਰਾਗਦਾਸ, ਚੌਕ ਬਾਬਾ ਸਾਹਿਬ, ਚੌਕ ਕਰੋੜੀ, ਬਾਬਾ ਦੀਪ ਸਿੰਘ ਕਲੋਨੀ, ਚੌਕ ਮੋਨੀ, ਚੌਕ ਜੈ ਸਿੰਘ, ਬਾਜ਼ਾਰ ਲੁਹਾਰਾਂ, ਚੌਕ ਲਛਮਣਸਰ, ਦਾਲ ਮੰਡੀ, ਚੌਕ ਭਾਈ ਮਤੀ ਦਾਸ, ਬਜ਼ਾਰ ਬਾਂਸਾਂ ਵਾਲਾ, ਬਾਜ਼ਾਰ ਪਾਪੜਾਂ, ਬਾਜ਼ਾਰ ਕਾਠੀਆਂ, ਦਰਸ਼ਨੀ ਡਿਉੜੀ ਤੇ ਗੁਰੂ ਬਜ਼ਾਰ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੋਇਆ।