ਹਿਮਾਚਲ ’ਚ ਬਰਫ਼ਬਾਰੀ ਤੇ ਬਾਰਸ਼, ਪੰਜਾਬ ਵੀ ਠਰ੍ਹਿਆ
ਏਬੀਪੀ ਸਾਂਝਾ | 11 Dec 2018 03:06 PM (IST)
ਮੰਡੀ: ਮੌਸਮ ਵਿਭਾਗ ਨੇ ਬੁੱਧਵਾਰ ਤੱਕ ਸਰਗਰਮ ਪੱਛਮੀ ਗੜਬੜੀਆਂ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਰਾਜਧਾਨੀ ਸ਼ਿਮਲਾ ਵਿੱਚ ਰਾਤ 3.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਇੱਥੇ ਹਲਕੀ ਬਾਰਸ਼ ਪੈਣ ਦੇ ਆਸਾਰ ਹਨ। ਮਨਾਲੀ ਸ਼ਹਿਰ ਵਿੱਚ ਵੀ ਤਾਜ਼ਾ ਬਰਫ਼ਬਾਰੀ ਹੋਣ ਦਾ ਅਨੁਮਾਨ ਹੈ ਜੋ ਇਹ ਹੋਟਲ ਵਾਲਿਆਂ ਤੇ ਕਿਸਾਨਾਂ ਲਈ ਬੇਹੱਦ ਫਾਇਦੇਮੰਦ ਸਾਬਤ ਹੋਏਗੀ। ਉਧਰ ਪੰਜਾਬ ਵਿੱਚ ਵੀ ਠੰਢ ਕਾਫੀ ਵਧ ਗਈ ਹੈ। ਬਰਫ਼ਬਾਰੀ ਹੋਣ ਕਰਕੇ ਸੂਬੇ ਵਿੱਚ ਘੱਟੋ-ਘੱਟ 2-3 ਡਿਗਰੀ ਸੈਲਸੀਅਸ ਤਾਪਮਾਨ ਡਿੱਗ ਗਿਆ। ਮਨਾਲੀ ਵਿੱਚ 4.4 ਮਿਲੀਮੀਟਰ ਬਾਰਸ਼ ਹੋਈ ਜਿਸ ਕਰਕੇ ਇੱਥੇ ਜ਼ੀਰੋ ਤੋਂ ਵੀ ਹੇਠਾਂ ਮਨਫੀ 0.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੁਫਰੀ, ਫਗੂ ਤੇ ਨਾਰਕੰਡਾ ਵਰਗੇ ਟੂਰਿਸਟ ਕੇਂਦਰਾਂ ਵਿੱਚ ਬੂੰਦਾਬਾਂਦੀ ਹੋ ਸਕਦੀ ਹੈ। ਇਸ ਤੋਂ ਇਲਾਵਾ ਚੰਬਾ ਜ਼ਿਲ੍ਹੇ ਦੇ ਸੈਰ-ਸਪਾਟਾ ਕੇਂਦਰ ਡਲਹੌਜ਼ੀ ਵਿੱਚ ਵੀ ਮਾਈਨਸ 0.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਇੱਥੋਂ ਦੇ ਕੁਝ 250 ਕਿਲੋਮੀਟਰ ਦੂਰ ਕਲਪਾ ਵਿੱਚ ਤਾਂ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ 4 ਡਿਗਰੀ ਹੇਠਾਂ ਸੀ। ਦਰਅਸਲ ਪੱਛਮੀ ਗੜਬੜੀਆਂ ਇੱਕ ਤਰ੍ਹਾਂ ਦੇ ਚੱਕਰਵਾਤ ਹਨ ਜੋ ਜੋ ਭੂ-ਮੱਧ ਵਿੱਚ ਪੈਦਾ ਹੁੰਦੇ ਹਨ। ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਹਿੱਸੇ ਵਿੱਚ ਬਾਰਸ਼ ਜਾਂ ਬਰਫ਼ਬਾਰੀ ਦਾ ਕਾਰਨ ਬਣਦੇ ਹਨ।