ਚੰਡੀਗੜ੍ਹ: ਰਾਹੁਲ ਗਾਂਧੀ 11-12-2017 ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਬਣੇ ਸਨ ਤੇ ਇੱਕ ਸਾਲ ਬਾਅਦ ਦੇਸ਼ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਬੇਸ਼ੱਕ, ਕਰਨਾਟਕ, ਗੋਆ, ਗੁਜਰਾਤ ਤੇ ਅਸਮ ਦੇ ਨਾਲ-ਨਾਲ ਕੁਝ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਕੁਝ ਵਧੀਆ ਨਹੀਂ ਰਿਹਾ, ਪਰ ਇਸ ਵਾਰ ਰਾਹੁਲ ਗਾਂਧੀ ਕਮਾਲ ਕਰ ਗਏ।
ਇਹ ਵੀ ਪੜ੍ਹੋ: ਕਾਂਗਰਸ ਦੀ ਚੜ੍ਹਤ ਬਰਕਰਾਰ, ਬੀਜੇਪੀ ਦੀ ਹਾਲਤ ਪਈ ਪਤਲੀ
ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਕਾਂਗਰਸ ਨੇ ਆਪਣੀ ਰਿਵਾਇਤੀ ਵਿਰੋਧੀ ਭਾਰਤੀ ਜਨਤਾ ਪਾਰਟੀ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਪਾਰਟੀ ਤਿੰਨ ਸੂਬਿਆਂ ਵਿੱਚ ਸਰਕਾਰ ਬਣਾਉਣ ਦੀ ਹਾਲਤ ਵਿੱਚ ਪਹੁੰਚ ਗਈ ਹੈ। ਰਾਹੁਲ ਗਾਂਧੀ ਲਈ ਇਹ ਕਿਸੇ ਤੋਹਫ਼ੇ ਤੋਂ ਘੱਟ ਨਹੀਂ।
ਇਸ ਸਮੇਂ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਵਿੱਚ ਕਾਂਗਰਸ 199 ਵਿੱਚੋਂ 95 ਸੀਟਾਂ ਉੱਪਰ ਅੱਗੇ ਚੱਲ ਰਹੀ ਹੈ ਜਦਕਿ ਬੀਜੇਪੀ 81 'ਤੇ ਪਿੱਛਾ ਕਰ ਰਹੀ ਹੈ। ਮੱਧ ਪ੍ਰਦੇਸ਼ ਵਿੱਚ ਕਾਂਗਰਸ ਤੇ ਬੀਜੇਪੀ ਦਰਮਿਆਨ ਕਾਂਟੇ ਦੀ ਟੱਕਰ ਹੈ ਪਰ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਯਾਨੀ ਕਿ 116 ਸੀਟਾਂ ਤਕ ਨਹੀਂ ਪਹੁੰਚ ਸਕੀ ਹੈ। ਭਾਜਪਾ ਤੇ ਕਾਂਗਰਸ ਅੱਗੜ-ਪਿੱਛੜ 110 ਤੇ 107 ਸੀਟਾਂ 'ਤੇ ਮੁਕਾਬਲੇ ਵਿੱਚ ਹਨ।
ਸਬੰਧਤ ਖ਼ਬਰ: ਹਾਰ ਵੱਲ ਵਧ ਰਹੀ ਬੀਜੇਪੀ 'ਤੇ ਨਵਜੋਤ ਸਿੱਧੂ ਨੇ ਲਈ ਚੁਟਕੀ
ਛੱਤੀਸਗੜ੍ਹ ਵਿੱਚ ਕਾਂਗਰਸ ਨੇ ਬੀਜੇਪੀ ਨੂੰ ਧੋਬੀ ਪਟਕਾ ਦਿੰਦਿਆਂ 62 ਸੀਟਾਂ 'ਤੇ ਲੀਡ ਕਾਇਮ ਕਰ ਲਈ ਹੈ ਤੇ ਬੀਜੇਪੀ 19 ਸੀਟਾਂ 'ਤੇ ਤਿਲ੍ਹਕ ਗਈ ਹੈ। ਤੇਲੰਗਾਨਾ ਤੇ ਮਿਜ਼ੋਰਮ ਵਿੱਚ ਕ੍ਰਮਵਾਰ ਸਥਾਨਕ ਪਾਰਟੀਆਂ ਟੀਆਰਐਸ ਤੇ ਐਮਐਨਐਫ ਆਪਣੀ ਲੀਡ ਹਾਸਲ ਕਰ ਚੁੱਕੀਆਂ ਹਨ ਪਰ ਇੱਥੇ ਵੀ ਕਾਂਗਰਸ ਦਾ ਪ੍ਰਦਰਸ਼ਨ ਬੀਜੇਪੀ ਨਾਲੋਂ ਚੰਗਾ ਹੈ।