ਅੰਮ੍ਰਿਤਸਰ: ਵਿਸਾਖੀ ਮੌਕੇ 12 ਅਪ੍ਰੈਲ ਨੂੰ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਅੱਜ ਐਸਜੀਪੀਸੀ ਦਫ਼ਤਰ ਤੋਂ ਪਾਸਪੋਰਟ ਮਿਲ ਗਏ ਹਨ। 437 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲੀ ਹੈ। ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਸਿੱਖ ਧਾਰਮਿਕ ਅਸਥਾਨਾਂ (ਗੁਰਧਾਮਾਂ) ਵਿਖੇ 12 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ ਵਿਸਾਖੀ ਦੇ ਸਮਾਰੋਹ ਚੱਲਣਗੇ।
ਦੱਸ ਦੇਈਏ ਕਿ ਸਾਰੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 5 ਸ਼ਰਧਾਲੂਆਂ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। 793 ਸ਼ਰਧਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ, ਜਿਸ ਵਿੱਚੋਂ 356 ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਸਿਰਫ 437 ਸਿੱਖ ਸ਼ਰਧਾਲੂਆਂ ਨੂੰ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲੀ ਹੈ। ਇਨ੍ਹਾਂ ਵਿੱਚੋਂ ਵੀ ਪੰਜ ਸ਼ਰਧਾਲੂ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਪੌਜ਼ੇਟਿਵ ਆਏ ਸ਼ਰਧਾਲੂਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਹੁਣ ਕੱਲ੍ਹ ਕਿੰਨੇ ਸ਼ਰਧਾਲੂ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੁੰਦੇ ਹਨ ਇਹ ਤਸਵੀਰ ਕੱਲ੍ਹ ਨੂੰ ਹੀ ਸਾਫ ਹੋ ਪਾਏ ਗਈ।ਕਿਉਂਕਿ ਐਸਜੀਪੀਸੀ ਨੇ ਬਾਕੀ ਸ਼ਰਧਾਲੂਆਂ ਨੂੰ ਕਿਹਾ ਸੀ ਕਿ ਉਹ ਆਪਣੇ ਨਿਵਾਸ ਸ਼ਹਿਰਾਂ 'ਚੋਂ ਕੋਵਿਡ ਦੇ ਟੈਸਟ ਕਰਵਾ ਲੈਣ।ਹੁਣ ਕੱਲ੍ਹ ਜਥੇ ਦੇ ਰਵਾਨਾ ਹੋਣ ਤੋਂ ਪਹਿਲਾਂ ਸਭ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ।
ਨਿਊਜ਼ ਏਜੰਸੀ ‘ਪੀਟੀਆਈ’ ਦੀ ਰਿਪੋਰਟ ਮੁਤਾਬਕ ਧਾਰਮਿਕ ਅਸਥਾਨਾਂ ਦੀ ਯਾਤਰਾ ਬਾਰੇ ਭਾਰਤ-ਪਾਕਿਸਤਾਨ ਵਿਚਾਲੇ ਸਾਲ 1974 ’ਚ ਤੈਅ ਹੋਏ ਪ੍ਰੋਟੋਕੋਲ ਦੇ ਆਧਾਰ ਉੱਤੇ ਇਹ ਪ੍ਰਵਾਨਗੀ ਦਿੱਤੀ ਗਈ ਹੈ।
ਪਾਕਿਸਤਾਨ ਵੱਲੋਂ ਅਜਿਹੀ ਪ੍ਰਵਾਨਗੀ ਹਰ ਸਾਲ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਬੀਤੀ 20 ਫ਼ਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ 100ਵੀਂ ਬਰਸੀ ਸੀ, ਉਸ ਵੇਲੇ ਪੰਜਾਬ ਸਮੇਤ ਸਮੁੱਚੇ ਭਾਰਤ ਤੋਂ 600 ਸਿੱਖ ਸ਼ਰਧਾਲੂ ਪਾਕਿਸਤਾਨ ਜਾਣ ਲਈ ਤਿਆਰ ਸਨ ਪਰ ਐਨ ਆਖ਼ਰੀ ਮੌਕੇ ਭਾਰਤ ਸਰਕਾਰ ਨੇ ਸੁਰੱਖਿਆ ਕਾਰਣਾਂ ਤੇ ‘ਕੋਰੋਨਾ ਵਾਇਰਸ ਕਰਕੇ’ ਉਨ੍ਹਾਂ ਨੂੰ ਉੱਥੇ ਜਾਣ ਤੋਂ ਵਰਜ ਦਿੱਤਾ ਸੀ।