ਨਵੀਂ ਦਿੱਲੀ: ਦਿੱਲੀ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਸਨਿੱਚਰਵਾਰ ਨੂੰ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੋਰੋਨਾ ਸੰਕਟ ਨਾਲ ਨਿਪਟਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।


ਮੁੱਖ ਮੰਤਰੀ ਨੇ ਕਿਹਾ,‘ਸਾਨੂੰ ਸਭ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਵਧ-ਚੜ੍ਹ ਕੇ ਕਰਨੀ ਹੋਵੇਗੀ। ਸਾਡੀ ਸੁਰੱਖਿਆ ਸਾਡੇ ਹੱਥ ਵਿੱਚ ਹੈ। ਮਾਸਕ ਪਹਿਨ ਕੇ ਰੱਖੋ। ਵਾਰ-ਵਾਰ ਹੱਥ ਧੋਂਦੇ ਰਹੋ। ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ। ਘਰੋਂ ਸਿਰਫ਼ ਕੋਈ ਜ਼ਰੂਰੀ ਕੰਮ ਲਈ ਹੀ ਨਿੱਕਲੋ। ਬੱਸ ਕੁਝ ਦਿਨਾਂ ਦੀ ਗੱਲ ਹੈ। ਜਿਵੇਂ ਕੋਰੋਨਾ ਦੀਆਂ ਤਿੰਨ ਲਹਿਰਾਂ ਚਲੀਆਂ ਗਈਆਂ, ਉਵੇਂ ਹੀ ਇਹ ਚੌਥੀ ਵੀ ਚਲੀ ਜਾਵੇਗੀ।’


ਮੁੱਖ ਮੰਤਰੀ ਅਰਵਿੰਦ ਕੇਜਰਵਾਲ ਨੇ ਅੱਗੇ ਕਿਹਾ ਕਿ ‘ਅਸੀਂ ਲੌਕਡਾਊਨ ਨਹੀਂ ਲਾਉਣਾ ਚਾਹੁੰਦੇ ਪਰ ਕੱਲ੍ਹ ਸਰਕਾਰ ਨੇ ਮਜਬੂਰੀਵੱਸ ਕੁਝ ਪਾਬੰਦੀਆਂ ਦੇ ਹੁਕਮ ਦਿੱਤੇ ਹਨ; ਜਿਵੇਂ ਬੱਸਾਂ ’ਚ ਸਿਰਫ਼ 50 ਫ਼ੀ ਸਦੀ ਸਵਾਰੀਆਂ ਬੈਠ ਸਕਦੀਆਂ ਹਨ। ਮੈਟਰੋ ’ਚ 50 ਫ਼ੀ ਸਦੀ ਲੋਕ ਹੀ ਸਫ਼ਰ ਕਰ ਸਕਣਗੇ ਆਦਿ। ਇਹ ਪਾਬੰਦੀਆਂ ਤੁਹਾਡੀ ਸੁਰੱਖਿਆ ਲਈ ਲਾਈਆਂ ਗਈਆਂ ਹਨ। ਇਸ ਵੇਲੇ ਦਾ ਪੀਕ ਬੀਤੇ ਨਵੰਬਰ ਤੋਂ ਵੀ ਖ਼ਤਰਨਾਕ ਹੈ।’


ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਇਹ ਵੀ ਬੇਨਤੀ ਕੀਤੀ ਕਿ ਕੋਰੋਨਾ ਵਾਇਰਸ ਦਾ ਟੈਸਟ ਪਾਜ਼ਿਟਿਵ ਆਉਣ ’ਤੇ ਸਾਰੇ ਲੋਕ ਹਸਪਤਾਲ ਨਾ ਜਾਣ। ਜੇ ਤਬੀਅਤ ਵਿਗੜ ਰਹੀ ਹੈ ਜਾਂ ਜ਼ਰੂਰਤ ਹੋਵੇ ਤਾਂ ਖ਼ੁਦ ਨੂੰ ਹਸਪਤਾਲ ਵਿੱਚ ਭਰਤੀ ਕਰਵਾਓ। ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਵਿੱਚ ਵੀ ਵਧੀਆ ਇਲਾਜ ਹੋ ਰਿਹਾ ਹੈ।


ਇਹ ਹਨ ਦਿੱਲੀ ’ਚ ਪਾਬੰਦੀਆਂ


ਰਾਸ਼ਟਰੀ ਰਾਜਧਾਨੀ ਦਿੱਲੀ ’ਚ ਮੈਟਰੋ, ਡੀਟੀਸੀ ਤੇ ਕਲੱਸਟਰ ਬੱਸਾਂ 50 ਫ਼ੀ ਸਦੀ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਆਹਾਂ ਚ ਸਿਰਫ਼ 50 ਮਹਿਮਾਨ ਹੀ ਸ਼ਾਮਲ ਹੋ ਸਕਣਗੇ। ਦਿੱਲੀ ਸਰਕਾਰ ਨੇ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਸਭ ਤਰ੍ਹਾਂ ਦੀਆਂ ਸਮਾਜਕ, ਖੇਡ, ਮਨੋਰੰਜਨ, ਸਭਿਆਚਾਰਕ ਤੇ ਧਾਰਮਿਕ ਸਭਾਵਾਂ ਉੱਤੇ ਰੋਕ ਲਾ ਦਿੱਤੀ ਹੈ।


ਦਿੱਲੀ ਦੇ ਸਾਰੇ ਕਾਲਜ ਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ। ਦਿੱਲੀ ਦੇ ਬਾਕੀ ਸਾਰੇ ਸਰਕਾਰੀ ਤੇ ਨਿਜੀ ਸਕੂਲ ਵੀ 30 ਅਪ੍ਰੈਲ ਤੱਕ ਬੰਦ ਰਹਿਣਗੇ। ਮਹਾਰਾਸ਼ਟਰ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਆਉਣ ਵਾਲੇ ਯਾਤਰੀਆਂ ਲਈ 72 ਘੰਟਿਆਂ ਦੇ ਅੰਦਰ ਆਰਟੀ-ਪੀਸੀਆਰ (RT-PCR) ਨੈਗੇਟਿਵ ਰਿਪੋਰਟ ਪੇਸ਼ ਕਰਨੀ ਜ਼ਰੂਰੀ ਹੋਵੇਗੀ। ਨੈਗੇਟਿਵ ਰਿਪੋਰਟ ਨਾ ਹੋਣ ਉੱਤੇ 14 ਦਿਨਾਂ ਲਈ ਏਕਾਂਤਵਾਸ ਵਿੱਚ ਰਹਿਣਾ ਹੋਵੇਗਾ।


 


ਦਿੱਲੀ ਵਿੱਚ ਰੈਸਟੋਰੈਂਟਸ, ਬਾਰ ਨੂੰ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਰਹੇਗੀ। ਅੰਤਿਮ ਸਸਕਾਰ ਵਿੱਚ ਸਿਰਫ਼ 20 ਵਿਅਕਤੀ ਤੇ ਵਿਆਹ ਸਮਾਰੋਹ ਵਿੱਚ 50 ਵਿਅਕਤੀ ਹੀ ਭਾਗ ਲੈ ਸਕਣਗੇ।