ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੁਕਮਾਂ ਤੇ ਦੇਸ਼ ਭਰ 'ਚ ਅੱਜ ਤੋਂ 14 ਅਪ੍ਰੈਲ ਤਕ ਟੀਕਾ ਉਤਸਵ ਦਾ ਆਯੋਜਨ ਕੀਤਾ ਜਾਵੇਗਾ। ਇਸ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨਾ ਹੈ। ਟੀਕਾ ਉਤਸਵ ਦੌਰਾਨ ਉੱਤਰ ਪ੍ਰਦੇਸ਼ ਤੇ ਬਿਹਾਰ ਜਿਹੇ ਕਈ ਸੂਬੇ ਯੋਗ ਲੋਕਾਂ ਨੂੰ ਟੀਕਾ ਲਵਾਉਣ ਦੀ ਅਪੀਲ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਟੀਕਾ ਉਤਸਵ ਦੌਰਾਨ ਵੱਡੀ ਸੰਖਿਆ 'ਚ ਉਹ ਟੀਕਾ ਲਗਵਾਉਣ।


85 ਦਿਨ 'ਚ ਲਵਾਏ 10 ਕਰੋੜ ਟੀਕੇ


ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਕਿਹਾ ਕਿ ਭਾਰਤ ਨੇ 85 ਦਿਨ 'ਚ 10 ਕਰੋੜ ਟੀਕੇ ਲਾਏ ਹਨ ਤੇ ਉਹ ਦੁਨੀਆਂ ਦਾ ਸਭ ਤੋਂ ਤੇਜ਼ ਟੀਕਾਕਰਨ ਅਭਿਆਨ ਚਲਾਉਣ ਵਾਲਾ ਦੇਸ਼ ਬਣ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੂੰ ਟੀਕੇ ਦੀ 10 ਕਰੋੜ ਖੁਰਾਕ ਦੇਣ 'ਚ 89 ਦਿਨ ਲੱਗੇ ਜਦਕਿ ਚੀਨ ਨੂੰ ਇਸ ਕੰਮ 'ਚ 102 ਦਿਨ ਲੱਗ ਗਏ। ਪ੍ਰਧਾਨ ਮੰਤਰੀ ਦਫਤਰ ਨੇ ਵੀ ਭਾਰਤ 'ਚ ਸਭ ਤੋਂ ਤੇਜ਼ ਟੀਕਾਕਰਨ ਨੂੰ ਦਰਸਾਉਣ ਵਾਲਾ ਇਕ ਚਾਰਟ ਟਵੀਟ ਕੀਤਾ ਤੇ ਇਸ ਨੂੰ ਸਿਹਤ ਤੇ ਕੋਵਿਡ ਮੁਕਤ ਭਾਰਤ ਲਈ ਮਜਬੂਤ ਯਤਨ ਕਰਾਰ ਦਿੱਤਾ।


ਵੀਰਵਾਰ ਮੁੱਖ ਮੰਤਰੀਆਂ ਦੇ ਨਾਲ ਕੋਵਿਡ-19 ਦੀ ਸਥਿਤੀ ਤੇ ਟੀਕਾਕਰਨ ਅਭਿਆਨ ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਸਾਰੇ ਲੋਕਾਂ ਦਾ ਟੀਕਾਕਰਨ ਕਰਾਉਣ 'ਤੇ ਧਿਆਨ ਕੇਂਦਰਤ ਕਰੋ ਜੋ 45 ਸਾਲ ਤੋਂ ਜ਼ਿਆਦਾ ਉਮਰ ਦੇ ਹਨ।


ਮੋਦੀ ਦੀ ਅਪੀਲ- ਟੀਕੇ ਦੀ ਬਰਬਾਦੀ ਨਾ ਕਰੋ


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਕਦੇ-ਕਦੇ ਇਸ ਨਾਲ ਮਾਹੌਲ ਬਦਲਣ 'ਚ ਮਦਦ ਮਿਲਦੀ ਹੈ। ਜਯੋਤਿਬਾ ਫੁਲੇ ਦੀ ਜਯੰਤੀ 11 ਅਪ੍ਰੈਲ ਨੂੰ ਹੈ ਤੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਜਯੰਤੀ ਹੈ। ਕੀ ਅਸੀਂ ਟੀਕਾ ਉਤਸਵ ਦਾ ਆਯੋਜਨ ਕਰ ਸਕਦੇ ਹਾਂ ਤੇ ਟੀਕਾ ਉਤਸਵ ਦਾ ਮਾਹੌਲ ਬਣਾ ਸਕਦੇ ਹਾਂ? ਸਾਨੂੰ ਵਿਸ਼ੇਸ਼ ਅਭਿਆਨ ਦੇ ਮਾਧਿਅਮ ਨਾਲ ਜ਼ਿਆਦਾ ਤੋਂ ਜ਼ਿਆਦਾ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕਰਨਾ ਚਾਹੀਦਾ ਹੈ ਤੇ ਇਸ ਦੀ ਬਰਬਾਦੀ ਬਿਲਕੁਲ ਨਾ ਹੋਵੇ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ। ਟੀਕਾ ਉਤਸਵ ਦੌਰਾਨ ਜੇਕਰ ਚਾਰ ਦਿਨਾਂ 'ਚ ਬਰਬਾਦੀ ਨਹੀਂ ਹੋਵੇਗੀ ਤਾਂ ਇਸ ਨਾਲ ਸਾਡੇ ਟੀਕਾਕਰਨ ਦੀ ਸਮਰੱਥਾ ਵਧੇਗੀ।'


ਕੁਝ ਸੂਬੇ ਜਿੱਥੇ ਟੀਕਾਕਰਨ ਦੀ ਆਪੂਰਤੀ 'ਚ ਕਮੀ ਦਾ ਮੁੱਦਾ ਚੁੱਕ ਰਹੇ ਹਨ ਉੱਥੇ ਹੀ ਕੇਂਦਰ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਲੋੜੀਂਦੀ ਸੰਖਿਆਂ 'ਚ ਟੀਕੇ ਵੰਡੇ ਗਏ ਹਨ।