Punjab News:  ਸਮੁੱਚੇ ਜਗਤ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ। ਇਸ ਨੂੰ ਸਿੱਖ ਧਰਮ ਵਿੱਚ ਪੂਰੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। 

ਇਸ ਮੌਕੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਤਹਿ-ਦਿਲੋਂ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਦੀਵੀ ਸਿੱਖਿਆਵਾਂ ਦੁਨੀਆ ਭਰ ਵਿੱਚ ਜ਼ਿੰਦਗੀਆਂ ਨੂੰ ਰੌਸ਼ਨ ਕਰਦੀਆਂ ਹਨ; ਸਾਨੂੰ ਦਇਆ, ਨਿਮਰਤਾ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦੀਆਂ ਹਨ। ਇਹ ਸਿੱਖਿਆਵਾਂ ਮਨੁੱਖਤਾ ਨੂੰ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ​​ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਅਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸਾਏ ਗਏ ਗਿਆਨ ਦੇ ਮਾਰਗ 'ਤੇ ਚੱਲੀਏ ਅਤੇ ਇੱਕ ਬਿਹਤਰ ਗ੍ਰਹਿ ਬਣਾਉਣ ਲਈ ਯਤਨਸ਼ੀਲ ਰਹੀਏ।

ਜ਼ਿਕਰ ਕਰ ਦਈਏ ਕਿ 1604 ਈਸਵੀ ਵਿੱਚ ਅੱਜ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ ਸੀ। 1430 ਅੰਗਾਂ (ਪੰਨਿਆਂ) ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਮੌਕੇ 'ਤੇ, ਸੰਗਤ ਨੇ ਕੀਰਤਨ ਦੀਵਾਨ ਦਾ ਆਯੋਜਨ ਕੀਤਾ ਅਤੇ ਬਾਬਾ ਬੁੱਢਾ ਜੀ ਨੇ ਬਾਣੀ ਦਾ ਜਾਪ ਸ਼ੁਰੂ ਕੀਤਾ। ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਸਿੱਖ ਧਰਮ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬਾਬਾ ਬੁੱਢਾ ਜੀ ਇਸ ਗ੍ਰੰਥ ਦੇ ਪਹਿਲੇ ਗ੍ਰੰਥੀ ਬਣੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗ ਆਧਾਰਿਤ ਹੈ ਜੋ 31 ਰਾਗਾਂ ਵਿਚ ਦਰਜ ਕੀਤੀ ਗਈ ਹੈ। ਰਾਗਾਂ ਤੋਂ ਇਲਾਵਾ ਬਾਣੀ ਨੂੰ ਅਸ਼ਟਪਦੀਆਂ, ਸਲੋਕਾਂ ਅਤੇ ਪਦਿਆਂ ਦੇ ਆਧਾਰ 'ਤੇ ਵਰਗੀਕ੍ਰਿਤ ਕੀਤਾ ਗਿਆ ਹੈ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਹਾਨ ਗੁਰਸਿੱਖ ਅਤੇ 6 ਸਿੱਖ ਗੁਰੂ ਸਾਹਿਬਾਨਾਂ ਦੇ ਦਰਸ਼ਨਾਂ ਦਾ ਸੁਭਾਗ ਹਾਸਲ ਕਰਨ ਵਾਲੇ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਸ਼ਬਦ ਗੁਰੂ ਦੇ ਪਹਿਲੇ ਗ੍ਰੰਥੀ ਦਾ ਸਨਮਾਨ ਹਾਸਲ ਹੋਇਆ। 

ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵਉੱਚ ਹਨ। ਸਿੱਖ ਖੁਸ਼ੀ ਲਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਦਾ ਹੈ ਅਤੇ ਔਖੀ ਘੜੀ 'ਚ ਵੀ ਸ਼ਬਦ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਹਾਲਾਤ ਨਾਲ ਜੂਝਣ ਦਾ ਹੌਸਲਾ ਤੇ ਸਮਰੱਥਾ ਮੰਗਦਾ ਹੈ। ਟਾਕਰਾ ਚਾਹੇ ਮੁਗ਼ਲਾਂ ਨਾਲ ਸੀ, ਚਾਹੇ ਅਫ਼ਗ਼ਾਨ ਫ਼ੌਜਾਂ ਨਾਲ, ਚਾਹੇ ਵਿਸ਼ਵ ਜੰਗਾਂ ਸਨ ਅਤੇ ਚਾਹੇ ਕਿਸਾਨ ਅੰਦੋਲਨ, ਗੁਰੂ ਦੇ ਓਟ ਆਸਰੇ ਹੌਸਲਾ ਤੇ ਚੜ੍ਹਦੀਕਲਾ 'ਚ ਰਹਿ ਕੇ ਸਿੱਖ ਕੌਮ ਵੱਡੀ ਤੋਂ ਵੱਡੀ ਔਕੜ ਨੂੰ ਫ਼ਤਿਹ ਕਰਦੀ ਆਈ ਹੈ, ਅਤੇ ਆਪਣੇ ਗੁਰੂ 'ਤੇ ਅਟੁੱਟ ਭਰੋਸਾ ਹੀ ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਹੈ।