Punjab News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਕਥਿਤ ਤੌਰ 'ਤੇ ਐਨੀਮੇਟ ਕਰਨ ਅਤੇ ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ 'ਚ ਪ੍ਰਸਿੱਧ ਮੋਟੀਵੇਸ਼ਨਲ ਬੁਲਾਰੇ ਡਾਕਟਰ ਵਿਵੇਕ ਬਿੰਦਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਨਾਲ ਹੀ ਅੰਮ੍ਰਿਤਸਰ ਪੁਲੀਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਭੇਜ ਦਿੱਤੀ ਗਈ ਹੈ। 



ਐੱਸਜੀਪੀਸੀ ਨੇ ਦੋਸ਼ ਲਾਇਆ ਹੈ ਕਿ ਡਾ.ਬਿੰਦਰਾ ਨੇ ਆਪਣੀ ਇੱਕ ਵੀਡੀਓ ਵਿੱਚ ਐਨੀਮੇਸ਼ਨ ਬਣਾ ਕੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਸ਼ ਕੀਤਾ ਸੀ। ਕੁਝ ਤੱਥਾਂ ਨੂੰ ਜਾਣੇ ਬਿਨਾਂ ਗਲਤ ਦਿਖਾਇਆ ਗਿਆ, ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।



ਐਸਜੀਪੀਸੀ ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਮੋਟੀਵੇਸ਼ਨਲ ਸਪੀਕਰ ਡਾ: ਵਿਵੇਕ ਬਿੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਵਿੱਚ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਸ਼ਨ ਬਣਾਇਆ ਹੈ। ਇਸ ਵੀਡੀਓ ਵਿੱਚ ਉਹ ਦੀਵਾਨ ਟੋਡਰ ਮੱਲ ਜੀ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੀਵਾਨ ਟੋਡਰ ਮੱਲ ਜੀ ਨੂੰ ਜੈਨ ਭਾਈਚਾਰੇ ਨਾਲ ਜੋੜਿਆ ਗਿਆ ਹੈ, ਜੋ ਕਿ ਗਲਤ ਜਾਣਕਾਰੀ ਹੈ। ਉਹਨਾਂ ਕਿਹਾ ਕਿ ਡਾ: ਬਿੰਦਰਾ ਪਹਿਲਾਂ ਵੀ ਅਜਿਹੀਆਂ ਗਲਤੀਆਂ ਕਰਦੇ ਰਹੇ ਹਨ, ਜਿਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ।



ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਹੁਕਮਾਂ ’ਤੇ ਡਾ. ਬਿੰਦਰਾ ਵੱਲੋਂ ਪੋਸਟ ਕੀਤੀ ਗਈ ਵੀਡੀਓ ਅਤੇ ਉਸ ਵਿੱਚ ਦਰਜ ਤੱਥਾਂ ਦੀ ਵੀ ਸਿੱਖ ਇਤਿਹਾਸ ਖੋਜ ਬੋਰਡ ਵੱਲੋਂ ਜਾਂਚ ਕੀਤੀ ਗਈ ਸੀ। ਬੋਰਡ ਨੇ ਵੀਡੀਓ ਦੇ ਤੱਥਾਂ ਤੋਂ ਵੀ ਇਨਕਾਰ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਨ ਅਤੇ ਇਸ ਵਿੱਚ ਗਲਤ ਜਾਣਕਾਰੀ ਦੇਣ ਦੇ ਦੋਸ਼ਾਂ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਡਾ. ਬਿੰਦਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਦਫ਼ਤਰ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ।