ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਇਹ ਵਾਇਰਸ ਫੈਲਣ ਤੋਂ ਬਚਾਅ ਵਾਸਤੇ ਸਾਵਧਾਨੀ ਰੱਖਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਰ ਸ਼ਰਧਾਲੂਆਂ ਨੂੰ ਧਰਮ ਅਸਥਾਨਾਂ ’ਤੇ ਜਾਣ ਤੋਂ ਰੋਕਣਾ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਲੋਕ ਧਰਮ ਅਸਥਾਨਾਂ ’ਤੇ ਸ਼ਰਧਾ ਨਾਲ ਅਰਦਾਸ ਕਰਨ ਲਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤ ਤੇ ਯਾਤਰੀ ਜਾਰੀ ਰੱਖੀ ਜਾ ਸਕਦੀ ਹੈ।
ਕਰਤਾਰਪੁਰ ਲਾਂਘਾ ਆਰਜ਼ੀ ਤੌਰ ’ਤੇ ਬੰਦ ਕੀਤੇ ਜਾਣ ਦੇ ਫ਼ੈਸਲੇ ਨਾਲ ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਵੀ ਕਰੋਨਾਵਾਇਰਸ ਦੇ ਚੱਲਦੇ ਵਿਸ਼ੇਸ਼ ਇਹਤਿਆਤ ਵਰਤਣ ਦੀ ਅਪੀਲ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ’ਚ ਕਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਭਾਰਤ ਸਰਕਾਰ ਦੇਸ਼ ਨਾਲ ਲੱਗਦੀਆਂ ਸਾਰੇ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ਸੀਲ ਕਰ ਚੁੱਕੀ ਹੈ।
ਲਿਹਾਜ਼ਾ ਇਹਤਿਆਤ ਵਜੋਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਆਰਜ਼ੀ ਤੌਰ ’ਤੇ ਬੰਦ ਕਰਨਾ ਗਲਤ ਨਹੀਂ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਵੀ ਕਰੋਨਾਵਾਇਰਸ ਦੇ ਚੱਲਦੇ ਵਿਸ਼ੇਸ਼ ਇਹਤਿਆਤ ਵਰਤਣ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਇਹ ਅਪੀਲ ਵੀ ਕੀਤੀ ਕਿ ਸੰਗਤ ਹੱਥ ਮਿਲਾਉਣ ਦੀ ਜਗ੍ਹਾ ਫ਼ਤਹਿ ਬੁਲਾਉਣ ਨੂੰ ਤਰਜੀਹ ਦੇਵੇ।