ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਬਦਲੇ ਐਡਵੋਕੇਟ ਐਚਐਸ ਫੂਲਕਾ ਦਾ ਸਨਮਾਨ ਕਰਨ ਤੋਂ ਪਾਸਾ ਵੱਟ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਫੂਲਕਾ ਸਣੇ ਸਾਰੇ ਵਕੀਲਾਂ ਕੇ ਗਵਾਹਾਂ ਦੇ ਸਨਮਾਨ ਦਾ ਐਲਾਨ ਕੀਤਾ ਸੀ। ਫੂਲਕਾ ਵੱਲੋਂ ਸ਼੍ਰੋਮਣੀ ਕਮੇਟੀ ਵਿੱਚੋਂ ਸਿਆਸੀ ਗਲਬਾ ਖ਼ਤਮ ਕਰਨ ਦਾ ਨਾਅਰਾ ਲਾਉਣ ਮਗਰੋਂ ਉਨ੍ਹਾਂ ਦੇ ਨਾਂ ਸਨਮਾਨ ਸੂਚੀ ਵਿੱਚੋਂ ਕੱਢ ਦਿੱਤਾ ਹੈ।
ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਕੀਤੇ ਜਾ ਰਹੇ ਸਨਮਾਨ ਸਬੰਧੀ ਕੋਈ ਜਾਣਕਾਰੀ ਨਹੀਂ ਤੇ ਨਾ ਹੀ ਇਸ ਸਬੰਧੀ ਕੋਈ ਸੱਦਾ ਮਿਲਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਮਗਰੋਂ ਜਦੋਂ ਉਹ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਪਰਿਵਾਰ ਸਮੇਤ ਮੱਥਾ ਟੇਕਣ ਆਏ ਸਨ, ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਸੀ। ਉਨ੍ਹਾਂ ਲਈ ਇਹ ਸਨਮਾਨ ਹੀ ਬਹੁਤ ਵੱਡਾ ਹੈ।
ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਹੋਈ ਜਿੱਤ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ ਸਗੋਂ ਸਿੱਖ ਕੌਮ ਦੀ ਜਿੱਤ ਹੈ। ਜੇਕਰ ਕੋਈ ਇਸ ਜਿੱਤ ਦੀ ਖੁਸ਼ੀ ਮਨਾਉਂਦਾ ਹੈ ਤੇ ਉਨ੍ਹਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੰਦਾ ਹੈ ਤਾਂ ਉਹ ਜ਼ਰੂਰ ਪੁੱਜਣਗੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ 22 ਜਨਵਰੀ ਨੂੰ ਸਿਰਫ ਕਤਲੇਆਮ ਮਾਮਲੇ ਦੇ ਗਵਾਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਦੋਂਕਿ ਵਕੀਲਾਂ ਨੂੰ ਸਨਮਾਨ ਕਰਨ ਲਈ ਵੱਖਰਾ ਪ੍ਰੋਗਰਾਮ ਹੋਵੇਗਾ।
ਯਾਦ ਰਹੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਇਸ ਸਬੰਧੀ 26 ਦਸੰਬਰ ਨੂੰ ਸਨਮਾਨ ਸਮਾਗਮ ਰੱਖਿਆ ਗਿਆ ਸੀ ਪਰ ਉਸ ਵੇਲੇ ਇਹ ਸਨਮਾਨ ਸਮਾਗਮ ਅਗਾਂਹ ਪਾ ਦਿੱਤਾ ਗਿਆ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਸੀ ਕਿ ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਤੇ ਹੋਰਨਾਂ ਨੂੰ ਸਜ਼ਾਵਾਂ ਦਿਵਾਉਣ ਲਈ ਪੀੜਤਾਂ ਦੇ ਕੇਸ ਲੜਣ ਵਾਲੇ ਸਿੱਖ ਵਕੀਲ ਐਡਵੋਕੇਟ ਐਚਐਸ ਫੂਲਕਾ ਸਮੇਤ ਗਵਾਹਾਂ ਨੂੰ ਸਨਮਾਨਤ ਕੀਤਾ ਜਾਵੇਗਾ।