ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਹੋਰ ਸਰਗਰਮ ਕਰਨ ਲਈ ਮੁੜ ਵਿਉਂਤਬੰਦੀ ਕੀਤੀ ਗਈ। ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਇਕੱਤਰਤਾ ’ਚ ਵਿਸ਼ੇਸ਼ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਅੰਮ੍ਰਿਤਸਰ ਤੋਂ ਜਗਨਨਾਥ ਪੁਰੀ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਸਥਾਨਾਂ ਨੂੰ ਜੋੜਦੀ ਵਿਸ਼ੇਸ਼ ਟਰੇਨ ਚਲਾਉਣ ਦੀ ਵੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਹੋਈ ਇਕੱਤਰਤਾ ਦੇ ਫੈਸਲਿਆਂ ਬਾਰੇ ਲੌਂਗੋਵਾਲ ਨੇ ਦੱਸਿਆ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਪ੍ਰੋਗਰਾਮ ਕਮੇਟੀ ਬਣਾਈ ਜਾਵੇਗੀ, ਤਾਂ ਜੋ ਨਵੰਬਰ 2019 ਤਕ ਚਲਾਏ ਜਾਣ ਵਾਲੇ ਸਾਰੇ ਗੁਰਮਤਿ ਸਮਾਗਮ ਦੀ ਰੂਪ ਰੇਖਾ ਨੂੰ ਅੰਤਮ ਰੂਪ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਫੈਸਲਾ ਵੀ ਕੀਤਾ ਗਿਆ ਹੈ, ਜੋ ਰੋਜ਼ਾਨਾ ਹਲਕੇ ਨੂੰ ਕਵਰ ਕਰੇਗਾ। ਇਸ ਸਬੰਧੀ ਕੇਂਦਰੀ ਕਮੇਟੀ ਤੇ ਜ਼ਿਲ੍ਹਾਵਾਰ ਕਮੇਟੀਆਂ ਗਠਤ ਕੀਤੀਆਂ ਜਾਣਗੀਆਂ। ਇਹ ਨਗਰ ਕੀਰਤਨ 13 ਜਨਵਰੀ, 2019 ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਆਰੰਭ ਹੋਵੇਗਾ। ਲੌਂਗੋਵਾਲ ਅਨੁਸਾਰ ਧਰਮ ਪ੍ਰਚਾਰ ਲਹਿਰ ਤਹਿਤ ਹਰ ਹਲਕੇ ਵਿਚ ਮਹੀਨਾਵਾਰ ਵੱਡੇ ਗੁਰਮਤਿ ਸਮਾਗਮ ਸਜਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਾਲੇ ਅਸਥਾਨ ਨੂੰ ਕੇਂਦਰ ਮੰਨ ਕੇ ਪਹਿਲਾਂ ਆਲੇ-ਦੁਆਲੇ ਦੇ ਪਿੰਡਾਂ ਵਿਚ ਮਹੀਨਾ ਭਰ ਧਰਮ ਪ੍ਰਚਾਰ ਲਹਿਰ ਚਲਾਈ ਜਾਵੇਗੀ, ਤਾਂ ਜੋ ਵੱਡੇ ਸਮਾਗਮ ਵਿਚ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਲਈ ਪ੍ਰੇਰਣਾ ਕੀਤੀ ਜਾ ਸਕੇ। ਸਮਾਗਮਾਂ ਦੌਰਾਨ ਅੰਮ੍ਰਿਤ ਸੰਚਾਰ ਵੀ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਧਰਮ ਪ੍ਰਚਾਰ ਲਹਿਰ ਨੂੰ ਹੋਰ ਕਾਰਗਰ ਬਣਾਉਣ ਲਈ ਪ੍ਰੋਜੈਕਟਰ ਵਿਧੀ ਅਪਨਾਈ ਜਾਵੇਗੀ ਤੇ ਇਸ ਅਧੀਨ ਧਰਮ ਪ੍ਰਚਾਰਕਾਂ ਨੂੰ ਹਰ ਜ਼ਿਲ੍ਹੇ ਵਿੱਚ ਪ੍ਰੋਜੈਕਟਰ ਸਿਸਟਮ ਦਿੱਤਾ ਜਾਵੇਗਾ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰ-ਅਸਥਾਨਾਂ ਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਵਿਸ਼ੇਸ਼ ਡਾਕੂਮੈਂਟਰੀਆਂ ਤਿਆਰ ਕੀਤੀਆਂ ਜਾਣਗੀਆਂ, ਇਸ ਲਈ ਮਾਹਿਰਾਂ ਦੀ ਮੱਦਦ ਵੀ ਲਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਧਰਮ ਪ੍ਰਚਾਰ ਕਾਰਜਾਂ ਲਈ ਵਿਸ਼ੇਸ਼ ਨਾਟਕ ਟੀਮਾਂ ਦਾ ਵੀ ਸਹਾਰਾ ਲਿਆ ਜਾਵੇਗਾ। ਨਾਟਕਾਂ ਦੇ ਸਾਰੇ ਪਾਤਰ ਗੁਰਸਿੱਖ ਹੋਇਆ ਕਰਨਗੇ, ਜਿਨ੍ਹਾਂ ਨੂੰ ਤਿਆਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਮਿਸ਼ਨਰੀ ਕਾਲਜਾਂ ਤੇ ਵਿਦਿਆਲਿਆਂ ਦੇ ਵਿਦਿਆਰਥੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਹਰਿਆਣਾ ਰਾਜ ਸਬੰਧਤ ਮੈਂਬਰਾਂ ਦੀ ਮੰਗ ’ਤੇ ਸਿੱਖ ਮਿਸ਼ਨ ਕੁਰੂਕੇਸ਼ਤਰ ਲਈ ਇਕ ਹੋਰ ਵੀਡੀਓ ਵੈਨ ਦੇਣ ਦਾ ਵੀ ਫੈਸਲਾ ਕੀਤਾ ਗਿਆ।