Shaheedi Jor Mela 2022: ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਅਨੰਦਗੜ੍ਹ ਦਾ ਕਿਲ੍ਹਾ ਛੱਡਣ ਬਾਅਦ ਸਿਰਸਾ ਨਦੀ ਕੰਢੇ ਪਰਿਵਾਰ ਵਿਛੜਨ ਦੀ ਯਾਦ ਨੂੰ ਰੂਪਮਾਨ ਕਰਦੇ ਹੋਏ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਤੱਕ ਸਜਾਇਆ ਜਾਣ ਵਾਲਾ ਸਫ਼ਰ-ਏ-ਸ਼ਹਾਦਤ ਸ਼ੁਰੂ ਹੋ ਗਿਆ ਹੈ। 



ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਇਹ ਨਗਰ ਕੀਰਤਨ ਪਿੰਡ ਮਾਜਰੀ ਗੁੱਜਰਾਂ, ਅਵਾਨਕੋਟ, ਕੋਟਬਾਲਾ ਤੇ ਆਸਪੁਰ ਪਿੰਡਾਂ ਵਿਚੋਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰਨ ਉਪਰੰਤ ਪਿੰਡ ਰਣਜੀਤਪੁਰਾ ਰਾਹੀਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। 


ਹਰਬੰਸ ਸਿੰਘ ਕੋਟਬਾਲਾ ਤੇ ਅਮਰਜੀਤ ਸਿੰਘ ਫੌਜੀ ਦੀ ਦੇਖ-ਰੇਖ ਅਧੀਨ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੋਂ ਇਲਾਵਾ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ ਹਲਕਾ ਪਾਇਲ, ਦਿਨੇਸ਼ ਚੱਢਾ ਵਿਧਾਇਕ ਰੂਪਨਗਰ, ਦਲਜੀਤ ਗਰੇਵਾਲ ਭੋਲਾ ਵਿਧਾਇਕ ਲੁਧਿਆਣਾ ਤੇ ਅਜੀਤਪਾਲ ਸਿੰਘ ਕੋਹਲੀ ਵੀ ਹਿੱਸਾ ਲੈ ਰਹੇ ਹਨ। ਐਸਡੀਐਮ ਹਰਬੰਸ ਸਿੰਘ ਤੇ ਤਹਿਸੀਲਦਾਰ ਰੂਪਨਗਰ ਜਸਪ੍ਰੀਤ ਸਿੰਘ ਵੀ ਪੈਦਲ ਸੰਗਤ ਦੇ ਨਾਲ ਚੱਲ ਰਹੇ ਹਨ। 



ਅੱਜ ਹੋਣਗੀਆਂ ਸਿਆਸੀ ਕਾਨਫਰੰਸਾਂ
ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਪਰਪਿਤ ਸ਼ਹੀਦੀ ਜੋੜ ਮੇਲ ਦੇ ਅੱਜ ਦੂਜੇ ਦਿਨ 22 ਦਸੰਬਰ ਨੂੰ ਸਿਆਸੀ ਕਾਨਫਰੰਸਾਂ ਹੋਣਗੀਆਂ। ਅੱਜ ਸਿਆਸੀ ਲੀਡਰ ਇੱਥੇ ਪਹੁੰਚਣਗੇ ਤੇ ਆਪਣੀਆਂ-ਆਪਣੀਆਂ ਕਾਨਫਰੰਸਾਂ ਨੂੰ ਸੰਬੋਧਨ ਕਰਨਗੇ। ਇਹ ਜੋੜ ਮੇਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਤੇ ਚਮਕੌਰ ਸਾਹਿਬ ਦੇ ਮੁਗਲ ਸਾਮਰਾਜ ਨਾਲ ਹੋਏ ਇਤਿਹਾਸਕ ਯੁੱਧ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਲੱਗਦਾ ਹੈ। 



ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਨੱਥਾ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਿੰਘ ਸਾਹਿਬਾਨਾਂ ਸਮੇਤ ਹੋਰ ਅਕਾਲੀ ਦਲ ਦੇ ਆਗੂ ਪਹੁੰਚਣਗੇ। ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ (1920) ਦੇ ਪ੍ਰਧਾਨ ਸਾਬਕਾ ਸਪੀਕਰ ਰਵੀਇੰਦਰ ਸਿੰਘ ਰਵੀ, ਜਦਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਆਪਣੀ ਵੱਖਰੀ ਸਟੇਜ ਲਾਉਣਗੇ।