ਰੂਪਨਗਰ: ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੂਪਨਗਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ 17-18 ਤੇ 19 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ ਗੁਰਦੁਆਰਾ ਸਦਾਵਰਤ ਸਾਹਿਬ ਰੋਪੜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਨਾਲ ਇਹ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ।
ਇਹ ਨਗਰ ਕੀਰਤਨ ਰੂਪਨਗਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਭੱਠਾ ਸਾਹਿਬ ਵਿਖੇ ਪਹੁੰਚਿਆ। ਅੱਜ ਗੁਰਦੁਆਰਾ ਭੱਠਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 19 ਦਸੰਬਰ ਨੂੰ ਪਾਏ ਜਾਣਗੇ। ਇਸ ਦੌਰਾਨ ਧਾਰਮਿਕ ਦੀਵਾਨ ਸਜਾਏ ਜਾਣਗੇ ਜਿੱਥੇ ਰਾਗੀ ਢਾਢੀ ਜਥੇ ਗੁਰੂ ਜੀ ਦੀ ਕੁਰਬਾਨੀ ਨਾਲ ਸਬੰਧਤ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ।
ਇਤਿਹਾਸਕ ਗੁਰਦੁਆਰਾ ਸਾਹਿਬ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੀਲੇ ਘੋੜੇ ਦੀ ਪੌੜਾਂ ਦੀ ਛੋਹ ਨਾਲ ਸ਼ਾਂਤ ਹੋਏ ਭੱਠੇ ਦੇ ਇਤਿਹਾਸਕ ਸਥਾਨ 'ਤੇ ਸਥਿਤ ਹੈ। ਹਰ ਸਾਲ ਨਾਨਕਸ਼ਾਹੀ ਸੰਮਤ ਦੇ 2, 3 ,4 ਪੋਹ ਨੂੰ ਇੱਥੇ ਜੋੜ ਮੇਲ ਭਰਦਾ ਹੈ। ਇਸ ਵਿੱਚ ਇਲਾਕੇ ਤੇ ਬਾਹਰ ਦੀਆਂ ਹਜ਼ਾਰਾਂ ਸੰਗਤਾਂ ਸ਼ਿਰਕਤ ਕਰਦੀਆਂ ਹਨ।
ਇਤਿਹਾਸ ਅਨੁਸਾਰ ਮੌਜੂਦਾ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਾਲੀ ਇਮਾਰਤ ਵਿਖੇ ਗੁਰੁ ਘਰ ਦੇ ਸ਼ਰਧਾਲੂ ਚੌਧਰੀ ਨਿਹੰਗ ਖਾਂ ਦਾ ਭੱਠਾ ਸੀ। ਇੱਥੇ ਗੁਰੂ ਜੀ ਭੰਗਾਣੀ ਦੀ ਜੰਗ ਜਿੱਤ ਕੇ ਵਾਪਸ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਰੁਕੇ ਸਨ। ਨੇੜੇ ਹੀ ਨਿਹੰਗ ਖਾਂ ਦੇ ਕਿਲ੍ਹੇ ਵਿੱਚ ਰਾਤ ਗੁਜ਼ਾਰੀ ਸੀ। ਇਤਿਹਾਸ ਅਨੁਸਾਰ ਗੁਰੂ ਜੀ ਇੱਥੇ ਚਾਰ ਵਾਰ ਆਏ ਸਨ। ਇੱਥੇ ਠਹਿਰਨ ਸਮੇ ਨਿਹੰਗ ਖਾਂ ਤੇ ਉਸ ਦੇ ਪਰਿਵਾਰ ਨੇ ਯਾਦਗਾਰ ਵਜੋਂ ਗੁਰੂ ਜੀ ਤੋਂ ਕਿਸੇ ਨਾ ਕਿਸੇ ਚੀਜ਼ ਦੀ ਮੰਗ ਕੀਤੀ। ਗੁਰੂ ਗੋਬਿੰਦ ਸਾਹਿਬ ਜੀ ਨੇ ਇਸ ਪਰਿਵਾਰ ਨੂੰ ਸ੍ਰੀ ਸਾਹਿਬ, ਇੱਕ ਕਟਾਰ ਤੇ ਢਾਲ ਭੇਟ ਕੀਤੇ। ਇਨ੍ਹਾਂ ਵਿੱਚੋਂ ਸ੍ਰੀ ਸਾਹਿਬ ਤੇ ਕਟਾਰ ਅੱਜ ਵੀ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਹੋਏ ਹਨ।