Guru Granth Sahib ji Parkash Purab : ਗੁਰੂ ਨਗਰੀ ਅੰਮ੍ਰਿਤਸਰ  'ਚ ਅੱਜ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਅੱਜ ਦੇ ਦਿਨ 1604 ਨੂੰ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ। ਉਦੋਂ ਤੋਂ ਹਰ ਸਾਲ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਅੱਜ ਸ੍ਰੀ ਹਰਿਮੰਦਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ  'ਚ ਸੰਗਤ ਇੱਥੇ ਸਜਦਾ ਕਰਨ ਲਈ ਪਹੁੰਚਦੀ ਹੈ। 


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜੋ ਇਸ ਵਾਰ ਵੀ 28 ਅਗਸਤ ਨੂੰ ਖ਼ਾਲਸਾਈ ਜਾਹੋ-ਜਲਾਲ ਨਾਲ ਸਜੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ, ਸਿੰਘ ਸਾਹਿਬਾਨ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਸੰਗਤਾਂ ਹਾਜ਼ਰੀ ਭਰਨਗੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਣਗੇ, ਜਿਸ ਵਿਚ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਗੇ। 


ਦੇਸ਼ ਵਿਦੇਸ਼ ਤੋਂ ਲਿਆਂਦੇ ਰੰਗ-ਬਿਰੰਗੇ ਫੁੱਲਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਹੈ।


ਇਸ ਵਾਰ ਦੇਸ਼ ਅਤੇ ਵਿਦੇਸ਼ਾਂ ਤੋਂ ਵੱਖਰੀਆਂ ਕਿਸਮਾਂ ਦੇ 110 ਟਨ ਫੁੱਲ ਲਿਆਂਦੇ ਗਏ ਹਨ ਜਿਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਸਜਾਵਟ ਕੀਤੀ ਗਈ ਹੈ।





ਕੋਲਕਾਤਾ, ਦਿੱਲੀ, ਮੁੰਬਈ ਤੋਂ ਵਿਸ਼ੇਸ਼ ਤੌਰ 'ਤੇ 300 ਦੇ ਕਰੀਬ ਕਾਰੀਗਰਾਂ ਨੇ ਸਜਾਵਟ ਦੀ ਸੇਵਾ ਕੀਤੀ। 









 


1430 ਪੰਨਿਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ


1604 ਵਿੱਚ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ। 1430 ਅੰਗਾਂ (ਪੰਨਿਆਂ) ਵਾਲੀ ਇਸ ਪੁਸਤਕ ਦੇ ਪਹਿਲੇ ਪ੍ਰਕਾਸ਼ ਮੌਕੇ ਸੰਗਤਾਂ ਨੇ ਕੀਰਤਨ ਦੀਵਾਨ ਸਜਾਏ ਅਤੇ ਬਾਬਾ ਬੁੱਢਾ ਜੀ ਨੇ ਬਾਣੀ ਦਾ ਜਾਪ ਸ਼ੁਰੂ ਕੀਤਾ। ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਸਿੱਖ ਧਰਮ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬਾਬਾ ਬੁੱਢਾ ਜੀ ਇਸ ਪੁਸਤਕ ਦੇ ਪਹਿਲੇ ਗ੍ਰੰਥੀ ਬਣੇ।






ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਹਰ ਸਾਲ ਭਾਦੋਂ ਮਹੀਨੇ ਦੀ 15 ਤਾਰੀਖ ਨੂੰ ਭਾਵ ਭਾਦਰਪਦ ਅਮਾਵਸਿਆ ਨੂੰ ਮਨਾਇਆ ਜਾਂਦਾ ਹੈ। ਸਮੁੱਚੀ ਬਾਣੀ ਵਿੱਚ ਸੱਚੇ ਸੁੱਚੇ ਕਰਮ ਕਰਦੇ ਹੋਏ ਅਕਾਲ ਪੁਰਖ ਦਾ ਨਾਮ ਸਦਾ ਸਿਮਰਦੇ ਰਹਿਣ ਦੀ ਤਾਕੀਦ ਕੀਤੀ ਗਈ ਹੈ। ਪ੍ਰਭੂ ਦਾ ਭਜਨ ਜੀਵਨ ਦਾ ਆਧਾਰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਬਾਣੀ ਵਿੱਚ ਅਧਿਆਤਮਕਵਾਦ ਦੇ ਨਾਲ ਨਾਲ ਸੰਸਾਰਿਕ ਕਦਰਾਂ-ਕੀਮਤਾਂ ਅਤੇ ਪੌਰਾਣਿਕ ਹਵਾਲੇ ਵੀ ਦਿੱਤੇ ਗਏ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚ ਦਾ ਪ੍ਰਕਾਸ਼ ਹੈ ਤੇ ਇਕੋ ਇਕ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਤੇ ਉਸਨੂੰ ਯਾਦ ਰੱਖਣ ਦਾ ਆਦੇਸ਼ ਹੈ। ਇਸ ਨਾਮ 'ਤੇ ਕਿਵੇਂ ਚੱਲਣਾ ਹੈ ਤੇ ਨਾਮ ਨੂੰ ਮਨ 'ਚ ਕਿਸ ਤਰ੍ਹਾਂ ਵਸਾਉਣਾ ਹੈ, ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਖੁੱਲ੍ਹ ਕੇ ਦੱਸਿਆ ਗਿਆ ਹੈ। ਭਾਦਰੋਂ ਸੁਦੀ 1 ਸੰਮਤ 1661 ਮੁਤਾਬਕ ਸਤੰਬਰ 1604 ਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ।