ਅੰਮ੍ਰਿਤਸਰ: ਭਾਰਤ ਵਿਚਲੇ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਸੱਦੇ 'ਤੇ ਪਾਕਿਸਤਾਨ ਤੋਂ 45 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਬਾਅਦ ਦੁਪਹਿਰ ਵਾਹਗਾ ਸਰਹੱਦ ਰਾਹੀਂ ਭਾਰਤ ਆਇਆ। ਇਹ ਜੱਥਾ ਮਹੀਨੇ ਤੋਂ ਵੱਧ ਸਮਾਂ ਭਾਰਤ ਵਿੱਚ ਰਹੇਗਾ ਤੇ ਵੱਖ-ਵੱਖ ਸਿੱਖ ਗੁਰਧਾਮਾਂ ਦੇ ਦਰਸ਼ਨ ਕਰੇਗਾ। ਇਹ ਜੱਥਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਧਾਰਮਿਕ ਸਥਾਨ ਵੀ ਵੇਖੇਗਾ। ਜੱਥੇ ਨਾਲ ਆਏ ਸ਼ਰਧਾਲੂਆਂ ਨੇ ਦੱਸਿਆ ਯਾਤਰਾ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ। ਇਹ ਜੱਥਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਸੱਦੇ 'ਤੇ ਭਾਰਤ ਪੁੱਜਾ ਹੈ। ਜੱਥੇ ਵਿੱਚ ਆਏ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਗੁਰੂਆਂ ਦੀ ਧਰਤੀ ਤੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਆਏ ਹਨ। ਸ਼ਰਧਾਲੂਆਂ ਨੇ ਦੱਸਿਆ ਕਿ ਕਰਤਾਰਪੁਰ ਕੌਰੀਡੋਰ ਦਾ ਕੰਮ ਪਾਕਿਸਤਾਨ ਵਾਲੇ ਪਾਸੇ ਤੈਅ ਸਮੇਂ 'ਤੇ ਮੁਕੰਮਲ ਹੋ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕੌਰੀਡੋਰ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਰਿਸ਼ਤੇ ਵਿੱਚ ਪਿਆਰ ਵਧੇਗਾ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਇਸ ਜਥੇ ਨੂੰ ਲੈਣ ਲਈ ਅਟਾਰੀ ਵਾਹਗਾ ਸਰਹੱਦ 'ਤੇ ਪੁੱਜੇ। ਉਨ੍ਹਾਂ ਨੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਸਮੂਹ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਤੋਂ ਆਪਣੀ ਯਾਤਰਾ ਆਰੰਭ ਕਰਨਗੇ। ਸ਼ੋਮਣੀ ਕਮੇਟੀ ਦੇ ਐਡੀਸ਼ਨਲ ਮੈਨੇਜਰ ਦਰਬਾਰ ਸਾਹਿਬ ਰਾਜਿੰਦਰ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਵੱਲੋਂ ਸ਼ਰਧਾਲੂਆਂ ਲਈ ਮੁਕੰਮਲ ਬੰਦੋਬਸਤ ਕੀਤੇ ਗਏ ਹਨ।