ਸ੍ਰੀਨਗਰ: ਪੁਲਵਾਮਾ ਹਮਲੇ ਮਗਰੋਂ ਪੂਰੇ ਦੇਸ਼ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਦੂਜੇ ਪਾਸੇ ਕਈ ਸਿੱਖ ਜਥੇਬੰਦੀਆਂ ਨੇ ਔਖੀ ਘੜੀ ਵਿੱਚ ਕਸ਼ਮੀਰੀਆਂ ਦੀ ਬਾਂਹ ਫੜੀ। ਖਾਲਸਾ ਏਡ ਜਥੇਬੰਦੀ ਨੇ ਸਹਿਮੇ ਹੋਏ ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਦੇ ਰਹਿਣ-ਸਹਿਣ ਤੇ ਲੰਗਰ ਦਾ ਪ੍ਰਬੰਧ ਕੀਤਾ। ਉਨ੍ਹਾਂ ਨੂੰ ਬਾਕਾਇਦਾ ਸੁਰੱਖਿਅਤ ਕਸ਼ਮੀਰ ਛੱਡਿਆ। ਕਸ਼ਮੀਰੀ ਵਿਦਿਆਰਥੀਆਂ ਤੇ ਵਪਾਰੀਆਂ ਨੇ ਵਾਦੀ ’ਚ ਸੁਰੱਖਿਅਤ ਪੁੱਜਣ ’ਤੇ ਸਿੱਖਾਂ ਖਾਸ ਕਰ ਖਾਲਸਾ ਏਡ ਦੇ ਸੋਹਲੇ ਗਾਏ ਹਨ। ਪੁਲਵਾਮਾ ਹਮਲੇ ਮਗਰੋਂ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਨਾ ਸਿਰਫ਼ ਪੰਜਾਬ ’ਚ ਸੁਰੱਖਿਆ ਦਿੱਤੀ ਸਗੋਂ ਉਨ੍ਹਾਂ ਨੂੰ ਭੋਜਨ ਤੇ ਪਨਾਹ ਵੀ ਦਿੱਤੀ। ਸਿੱਖਾਂ ਦਾ ਦਿਲੋਂ ਸ਼ੁਕਰਾਨਾ ਕਰਨ ਲਈ ਸੈਂਕੜੇ ਵਿਦਿਆਰਥੀਆਂ ਨੇ ਇੰਟਰਨੈੱਟ ਦਾ ਰੁਖ ਕੀਤਾ। ਇੱਕ ਸਿੱਖ ਵੱਲੋਂ ਡੁੱਬ ਰਹੇ ਕਸ਼ਮੀਰੀ ਨੂੰ ਬਚਾਉਣ ਲਈ ਵਧਾਏ ਗਏ ਹੱਥ ਵਾਲਾ ਕਾਰਟੂਨ ਹਿੱਟ ਰਿਹਾ। ਕਾਰਟੂਨਿਸਟ ਸੁਹੇਲ ਨਕਸ਼ਬੰਦੀ ਨੇ ਟਵੀਟ ਕਰਕੇ ਕਿਹਾ,‘‘ਸਰਦਾਰ ਦਾ ਮਤਲਬ ਹੈ ਆਗੂ ਜੋ ਅਜਿਹਾ ਰਾਹ ਦਸੇਰਾ ਹੁੰਦਾ ਹੈ ਜੋ ਸਿਰਫ਼ ਨਸੀਹਤਾਂ ਨਹੀਂ ਕਰਦਾ ਸਗੋਂ ਅਮਲੀ ਰੂਪ ’ਚ ਉਸ ਨੂੰ ਅੰਜਾਮ ਵੀ ਦਿੰਦਾ ਹੈ। ਹਰ ਥਾਂ ’ਤੇ ਸਹਾਇਤਾ ਦਾ ਹੱਥ ਵਧਾਉਣ ਵਾਲਿਆਂ ਨੂੰ ਸਿਜਦਾ।’’ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਅੱਗੇ ਆਉਣ ’ਤੇ ਖਾਲਸਾ ਏਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਦੀ ਦੇ ਵਿਦਿਆਰਥੀਆਂ ਦੀ ਸੁਰੱਖਿਆ ਕੀਤੀ ਜਾਵੇਗੀ ਤੇ ਕਿਸੇ ਵੀ ਬੇਕਸੂਰ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।