ਪਰਮਜੀਤ ਸਿੰਘ ਦੀ ਰਿਪੋਰਟ 



Rakhar Punya 2023: ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਇਤਿਹਾਸਕ ਨਗਰ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ। ਨੌਵੇਂ ਪਾਤਸ਼ਾਹ ਨੇ ਇਸ ਅਸਥਾਨ 'ਤੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦਾ ਅਸਲੀ ਨਾਮ ਬਕਾਲਾ ਸੀ ਪਰ ਜਦੋਂ ਸੱਤਵੇਂ ਪਾਤਸ਼ਾਹ ਦਿੱਲੀ ਵਿੱਚ ਗੁਰਪੁਰੀ ਸਿਧਾਰਨ ਲੱਗੇ ਤਾਂ ਉਨ੍ਹਾਂ ਨੇ ਸੰਗਤਾਂ ਨੂੰ ‘ਬਾਬਾ ਬਕਾਲਾ’ ਬਚਨ ਕੀਤਾ, ਉਸ ਸਮੇਂ ਤੋਂ ਹੀ ਇਹ ਨਗਰ ਬਾਬਾ ਬਕਾਲਾ ਪ੍ਰਸਿੱਧ ਹੋ ਗਿਆ।



ਇਤਿਹਾਸ ਅਨੁਸਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣੀ ਮਾਂ ਮਾਤਾ ਗੰਗਾ ਜੀ ਨਾਲ ਬਕਾਲਾ ਹੀ ਰਹਿੰਦੇ ਸਨ। ਇੱਥੇ ਹੀ ਮਾਤਾ ਜੀ 1628 ਨੂੰ ਅਕਾਲ ਚਲਾਣਾ ਕੀਤੇ ਸਨ। ਇੱਥੇ ਰਹਿੰਦੇ ਹੋਏ ਆਪ ਨੇ ਇਹ ਸਮਾਂ ਨਾਮ ਸਿਮਰਨ, ਪ੍ਰਭੂ ਭਗਤੀ ਵਿੱਚ ਲਾ ਕੇ ਸਕਾਰਥ ਕੀਤਾ। ਅੱਠਵੇਂ ਪਾਤਸ਼ਾਹ ਵੱਲੋਂ ਦਿੱਲੀ ਵਿੱਚ ਕੀਤੇ ਗਏ ਅੰਤਿਮ ਬਚਨ ‘ਬਾਬੇ ਬਕਾਲੇ’ ਗੁਰੂ ਤੇਗ ਬਹਾਦਰ ਜੀ ਦੇ ਨੌਵੇਂ ਨਾਨਕ ਰੂਪ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਣ ਵੱਲ ਸਪੱਸ਼ਟ ਸੰਕੇਤ ਕਰਦੇ ਸਨ। ਇਨ੍ਹਾਂ ਸ਼ਬਦਾਂ ਦਾ ਲਾਹਾ ਲੈਣ ਲਈ ਬਾਬੇ ਬਕਾਲੇ ਦੀ ਧਰਤੀ ਤੇ ਬਹੁਤ ਸਾਰੇ ਬਹਿਰੂਪੀਏ ਡੰਮੀ ਪਖੰਡੀ ਆਪਣੀਆਂ ਦੁਕਾਨਾਂ ਸਜਾ ਕੇ ਬੈਠ ਗਏ।


ਉਸ ਸਮੇਂ ਨੌਵੇਂ ਪਾਤਸ਼ਾਹ ਜੀ ਪ੍ਰਭੂ ਭਗਤੀ ਵਿੱਚ ਮਗਨ ਸਨ। ਇਸੇ ਦੌਰਾਨ ਗੁਰੂ ਘਰ ਦੇ ਪ੍ਰੀਤਵਾਨ ਸਿੱਖ ਭਾਈ ਮੱਖਣ ਸ਼ਾਹ ਨੇ ‘ਸਾਚੋ ਗੁਰੂ ਲਾਧੋ ਰੇ’ ਦਾ ਉੱਚਾ ਹੋਕਾ ਦੇ ਦੁਬਿਧਾ ਨੂੰ ਦੂਰ ਕਰਦਿਆਂ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਵਾ ਕੇ ਪਖੰਡੀ ਗੁਰੂਆਂ ਦੇ ਪਖੰਡ ਨੂੰ ਦੂਰ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਨੌਵੇਂ ਨਾਨਕ ਦੇ ਰੂਪ ‘ਚ ਗੁਰਗੱਦੀ ਤੇ ਬਿਰਾਜਮਾਨ ਹੋਏ। ‘ਧੀਰ ਮੱਲੀਏ’ ਕਈ ਵਾਰ ਗੁਰੂ ਘਰ ਤੇ ਹਮਲਾਵਰ ਹੋਏ ਪਰ ਸੱਚ ਪ੍ਰਗਟ ਹੋ ਕੇ ਹੀ ਰਿਹਾ। 


ਇਸ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਦੂਰ ਦੂਰਾਡੇ ਤੋਂ ਹੀ ਹੁੰਦੇ ਹਨ। ਇਸ ਅਸਥਾਨ ਤੇ ਸੁਭਾਇਮਾਨ ਭੋਰਾ ਸਾਹਿਬ ਨੂੰ ਸ਼ੁਰੂ ਤੋਂ ਹੀ ਸਿੱਖ ਸੰਗਤਾਂ ਲਈ ਪਵਿੱਤਰ ਅਸਥਾਨ ਮੰਨਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਅਜੋਕੀ ਇਮਾਰਤ 1952 ‘ਚ ਬਣੀ। ਹਰ ਸਾਲ ਇਸ ਪਾਵਨ ਅਸਥਾਨ ਤੇ ਰੱਖੜ ਪੁੰਨਿਆਂ ਦਾ ਜੋੜ ਮੇਲ ਬਹੁਤ ਸ਼ਰਧਾ ਭਾਵਨਾਂ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਹਨ