Punjab News: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਾਂਗ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਟੇਕ ਸਿੰਘ ਧਨੌਲਾ ਦੀ ਬਿਨਾਂ ਕਿਸੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਦੇ ਅਚਾਨਕ ਤਾਜਪੋਸ਼ੀ ਕਰ ਦਿੱਤੀ ਗਈ ਜਿਸ ਦੀਆਂ ਹੁਣ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਇਸ ਤੋਂ ਬਾਅਦ ਮੁੜ ਤੋਂ ਪੰਥਕ ਗਲਿਆਰਿਆਂ ਵਿੱਚ ਚਰਚਾ ਛਿੜ ਗਈ ਹੈ।
ਸੇਵਾ ਸੰਭਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਿਆ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਦੇ ਬੀਤੇ ਦਿਨੀਂ ਨਿਯੁਕਤ ਕੀਤੇ ਗਏ ਜਥੇਦਾਰ ਬਾਬਾ ਟੇਕ ਸਿੰਘ ਜੀ ਨੇ ਅੱਜ ਆਪਣੀ ਸੇਵਾ ਸੰਭਾਲ ਲਈ ਹੈ। ਇਸ ਮੌਕੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੇ ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਮੌਜੂਦ ਸਨ।
ਜ਼ਿਕਰ ਕਰ ਦਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਥਾਂ ਹੁਣ ਟੇਕ ਸਿੰਘ ਧਨੌਲਾ ਨੂੰ ਅਹੁਦਾ ਦਿੱਤਾ ਗਿਆ ਹੈ। ਜਦੋਂ ਤੋਂ ਇਸ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ। ਇਸ ਤੋਂ ਇਲਾਵਾ ਕਈ ਸਿੱਖ ਜਥੇਬੰਦੀਆਂ ਵੱਲੋਂ ਅਜੇ ਤੱਕ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਹੋ ਰਿਹਾ ਹੈ। ਦੱਸ ਦਈਏ ਕਿ ਦਮਦਮੀ ਟਕਸਾਲ ਵੱਲੋਂ ਵੀ ਇਨ੍ਹਾਂ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਕੌਣ ਨੇ ਟੇਕ ਸਿੰਘ ਧਨੌਲਾ
ਟੇਕ ਸਿੰਘ ਧਨੌਲਾ ਦਾ ਜਨਮ 1955 'ਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਹੋਇਆ। ਟੇਕ ਸਿੰਘ ਨੇ ਦਸਵੀਂ ਤੱਕ ਦੀ ਪੜਾਈ ਸਰਕਾਰੀ ਹਾਈ ਸਕੂਲ ਕੋਟਸ਼ਮੀਰ ਤੋਂ ਕੀਤੀ ਤੇ ਬਾਅਦ ਚ ਪ੍ਰਸਿੱਧ ਧਾਰਮਿਕ ਸੰਸਥਾ ਗੁ:ਬੁੰਗਾ ਮਸਤੂਆਣਾ ਧਾਰਮਿਕ ਮਹਾਂ ਵਿਦਿਆਲਾ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਧਾਰਮਿਕ ਵਿੱਦਿਆ ਗ੍ਰਹਿਣ ਕਰਕੇ ਉਕਤ ਸੰਸਥਾ 'ਚ ਕਈ ਜ਼ਿੰਮੇਵਾਰੀਆਂ ਵੀ ਨਿਭਾਈਆਂ।
ਧਰਮ ਪ੍ਰਚਾਰ ਦੇ ਖੇਤਰ ਚ ਸਰਗਰਮ ਹੋਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦੇ ਚਲਦਿਆਂ ਕਰੀਬ 1993 ਚ ਉਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਲਗਭਗ 10 ਸਾਲ ਮੈਂਬਰ ਰਹਿਣ ਉਪਰੰਤ ਅਕਾਲੀ ਦਲ ਦੀ ਟਿਕਟ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਜਿੱਤ ਮੈਂਬਰ ਬਣੇ ਤੇ ਫਿਰ ਲਗਾਤਾਰ 14 ਸਾਲ੍ਹ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਰਹੇ।
ਮੌਜੂਦਾ ਸਮੇਂ ਜਿੱਥੇ ਬਾਬਾ ਟੇਕ ਸਿੰਘ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਨ ਉੱਥੇ ਪ੍ਰਸਿੱਧ ਧਾਰਮਿਕ ਸੰਸਥਾ ਸੰਪਰਦਾਇ ਮਸਤੂਆਣਾ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਬਾਬਾ ਟੇਕ ਸਿੰਘ ਜਿੱਥੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਆਗੂਆਂ ਚ ਗਿਣੇ ਜਾਂਦੇ ਸਨ ਉੱਥੇ ਮੌਜੂਦਾ ਸਮੇਂ ਬਾਦਲ ਪਰਿਵਾਰ ਦੇ ਕਰੀਬੀਆਂ ਚ ਸ਼ੁਮਾਰ ਹਨ।