ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਤ ਕੁਝ ਠੀਕ ਨਹੀਂ ਚੱਲ਼ ਰਿਹਾ। ਇਸ ਬਾਰੇ ਵਿਰੋਧੀ ਪੰਥਕ ਤੇ ਸਿਆਸੀ ਧਿਰਾਂ ਤਾਂ ਅਕਸਰ ਇਲਜ਼ਾਮ ਲਾਉਂਦੀਆਂ ਰਹਿੰਦੀਆਂ ਪਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮ ਨੇ ਇਸ ਦੀਆਂ ਲਿਖਤੀ ਪਰਤਾਂ ਖੋਲ੍ਹੀਆਂ ਹਨ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਨੇ ਆਪਣੀ ਪੁਸਤਕ ‘ਸਚੁ ਸੁਣਾਇਸੀ ਸਚ ਕੀ ਬੇਲਾ’ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ।


ਪੁਸਤਕ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਪ੍ਰਣਾਲੀ ਵਿੱਚ ਨਿਘਾਰ ਆਇਆ ਹੈ। ਇਸ ਵਿੱਚ ਸਿਆਸੀ ਦਖਲਅੰਦਾਜ਼ੀ ਵੀ ਬੇਹੱਧ ਵਧ ਗਈ ਹੈ। ਉਨ੍ਹਾਂ ਨੇ ਭ੍ਰਿਸ਼ਟਾਚਾਰ ਵੱਲ਼ ਵੀ ਇਸ਼ਾਰਾ ਕੀਤਾ ਹੈ। ਪੁਸਤਕ ਵਿੱਚ ਉਨ੍ਹਾਂ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਮੁਤਾਬਕ ਇਸ ਦੇ ਮੁਲਾਜ਼ਮ ਤੇ ਮੈਂਬਰਾਂ ਦੇ ਰਿਸ਼ਤੇਦਾਰਾਂ ਨੂੰ ਇਸ ਵਿੱਚ ਮੁਲਾਜ਼ਮਤ ਨਹੀਂ ਮਿਲ ਸਕਦੀ ਪਰ 12 ਨਵੰਬਰ 2002 ਨੂੰ ਮਤੇ ਰਾਹੀਂ ਇਸ ਨਿਯਮ ਵਿੱਚ ਤਰਮੀਮ ਕਰਕੇ ਗੁਰਦੁਆਰਾ ਪ੍ਰਬੰਧ ਨੂੰ ਭ੍ਰਿਸ਼ਟ ਕਰਨ ਦੀ ਨੀਂਹ ਰੱਖ ਦਿੱਤੀ ਗਈ ਸੀ।

ਉਨ੍ਹਾਂ ਪਿਛਲੇ ਤੇ ਮੌਜੂਦਾ ਪ੍ਰਬੰਧ ਦੀ ਤੁਲਨਾ ਕਰਦਿਆਂ ਦੱਸਿਆ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸੰਸਥਾ ਦੇ ਵਾਹਨ ਦੀ ਵਰਤੋਂ ਕਰਨ ਸਮੇਂ ਸੰਕੋਚ ਕੀਤਾ ਜਾਂਦਾ ਸੀ ਪਰ ਅੱਜ ਸੰਸਥਾ ਦਾ ਛੋਟਾ ਅਧਿਕਾਰੀ ਵੀ ਖੁੱਲ੍ਹੇਆਮ ਸੰਸਥਾ ਦੇ ਵਾਹਨਾਂ ਦੀ ਦੁਰਵਰਤੋਂ ਕਰ ਰਿਹਾ ਹੈ। ਇੱਥੇ ਕੰਮ ਕਰਦੇ ਕਰਮਚਾਰੀਆਂ ਨੂੰ ਲੰਗਰ ਮੁਹੱਈਆ ਕੀਤੇ ਜਾਣ ਬਾਰੇ ਉਨ੍ਹਾਂ ਆਖਿਆ ਕਿ ਪਹਿਲਾਂ ਇਹ ਨਿਯਮ ਸੀ ਕਿ ਕਿਸੇ ਵੀ ਕਰਮਚਾਰੀ ਨੂੰ ਲੰਗਰ ਉਪਲਬੱਧ ਨਹੀਂ ਹੁੰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਹਰੇਕ ਕਰਮਚਾਰੀ ਇੱਥੇ ਸ਼ਰਧਾਲੂਆਂ ਲਈ ਬਣਦੇ ਲੰਗਰ ਦੀ ਵਰਤੋਂ ਕਰ ਰਿਹਾ ਹੈ।

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਦਖਲਅੰਦਾਜ਼ੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ 1999 ਤੋਂ ਬਾਅਦ ਕਿਵੇਂ ਜਥੇਦਾਰਾਂ ਨੂੰ ਬਦਲਿਆ ਗਿਆ ਤੇ ਉਨ੍ਹਾਂ ਦੀ ਅਹਿਮੀਅਤ ਨੂੰ ਘੱਟ ਕਰ ਦਿੱਤਾ ਗਿਆ। ਉਨ੍ਹਾਂ ਇਸ ਮਾਮਲੇ ਵਿੱਚ ਭਾਈ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀਆਂ ਸੇਵਾਵਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚੋਂ ਧਾਰਮਿਕ ਧਰੋਹਰਾਂ ਦੇ ਖਾਤਮੇ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਅਕਾਲ ਤਖ਼ਤ ਦੇ ਹੇਠਾਂ ਬਣੇ ਇਤਿਹਾਸਕ ਭੋਰੇ ਨੂੰ ਖਤਮ ਕਰਨ ਬਾਰੇ ਦੱਸਿਆ ਹੈ।

ਉਨ੍ਹਾਂ ਨਾਨਕਸ਼ਾਹੀ ਕੈਲੰਡਰ ’ਚ ਤਬਦੀਲੀ ਕਰਕੇ ਸਿੱਖ ਭਾਈਚਾਰੇ ਨੂੰ ਦੋਫਾੜ ਕਰਨ ਲਈ ਦਮਦਮੀ ਟਕਸਾਲ ਨੂੰ ਜ਼ਿੰਮੇਵਾਰ ਠਹਿਰਾਇਆ। ਯਾਦ ਰਹੇ ਕੁਲਵੰਤ ਸਿੰਘ ਰੰਧਾਵਾ 1956 ਵਿੱਚ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਕਲਰਕ ਭਰਤੀ ਹੋਏ ਸਨ। ਲਗਪਗ 44 ਸਾਲ ਦੀ ਸੇਵਾ ਮਗਰੋਂ ਸਕੱਤਰ ਵਜੋਂ ਸੇਵਾ ਮੁਕਤ ਹੋਏ। ਇਸ ਤੋਂ ਪਹਿਲਾਂ ਉਹ ‘ਜੂਨ 84: ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ’ ਨਾਂ ਦੀ ਪੁਸਤਕ ਵੀ ਲਿਖ ਚੁੱਕੇ ਹਨ।