ਚੰਡੀਗੜ੍ਹ: ‘ਵਿਰਾਸਤ-ਏ-ਖ਼ਾਲਸਾ’ ਨੇ ਰਿਕਾਰਡ ਬਣਾਇਆ ਹੈ। ਖ਼ਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਸਥਿਤ ‘ਵਿਰਾਸਤ-ਏ-ਖ਼ਾਲਸਾ’ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੋਇਆ ਹੈ। ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ‘ਵਿਰਾਸਤ-ਏ-ਖ਼ਾਲਸਾ’ ਸਮੁੱਚੇ ਭਾਰਤ ’ਚੋਂ ਪਹਿਲੇ ਨੰਬਰ ’ਤੇ ਆ ਗਿਆ ਹੈ। ਇੱਥੇ ਸੈਲਾਨੀਆਂ ਦੀ ਗਿਣਤੀ ਮਹਿਜ਼ 7 ਸਾਲਾਂ ਵਿੱਚ 97 ਲੱਖ ਤੋਂ ਵੀ ਪਾਰ ਹੋ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ 2018 ’ਚ ਬੀਤੇ ਤਿੰਨ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਸੈਲਾਨੀ ‘ਵਿਰਾਸਤ-ਏ-ਖ਼ਾਲਸਾ’ ਵੇਖਣ ਲਈ ਆਏ ਹਨ, ਇਸੇ ਕਰਕੇ ਲਿਮਕਾ ਬੁੱਕ ਆਫ ਰਿਕਾਰਡਜ਼ ਵੱਲੋਂ ‘ਵਿਰਾਸਤ-ਏ-ਖ਼ਾਲਸਾ’ ਨੂੰ ਦੇਸ਼ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਮਿਊਜ਼ੀਅਮ ਮੰਨਿਆ ਗਿਆ ਹੈ। ਲਿਮਕਾ ਬੁੱਕ ਆਫ ਰਿਕਾਰਡਜ਼ ਦੇ ਦਫ਼ਤਰ ਅਨੁਸਾਰ ਫਰਵਰੀ ਮਹੀਨੇ ’ਚ ਆਉਣ ਵਾਲੇ ਐਡੀਸ਼ਨ ’ਚ ਇਸ ਬਾਰੇ ਛਾਪਣ ਦੀ ਪੁਸ਼ਟੀ ਵਿਭਾਗ ਕੋਲ ਕੀਤੀ ਗਈ ਹੈ।