ਚੰਡੀਗੜ੍ਹ: ਸਿੱਖ ਧਰਮ ਦੀ ਬੁਨਿਆਦ ਮੂਰਤੀ ਪੂਜਾ ਤੇ ਕਰਮ-ਕਾਂਡ ਦੇ ਵਿਰੋਧ 'ਤੇ ਖੜ੍ਹੀ ਹੈ। ਇਸ ਦੇ ਬਾਵਜੂਦ ਮੂਰਤੀ ਪੂਜਾ ਤੇ ਕਰਮ-ਕਾਂਡ ਹੌਲੀ-ਹੌਲੀ ਸਿੱਖਾਂ ਵਿੱਚ ਘੁਸਪੈਠ ਕਰ ਰਹੇ ਹਨ। ਗੁਜਰਾਤ ਦੇ ਭਾਵਨਗਰ ਦੇ ਚੌਕ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬੁੱਤ ਲਾਉਣ ਮਗਰੋਂ ਇਹ ਮਾਮਲਾ ਮੁੜ ਚਰਚਾ ਵਿੱਚ ਆਇਆ ਹੈ। ਬੇਸ਼ੱਕ ਸਿੱਖ ਸੰਗਤ ਦੇ ਵਿਰੋਧ ਮਗਰੋਂ ਇਸ ਬੁੱਤ ਨੂੰ ਹਟਾ ਲਿਆ ਗਿਆ ਹੈ ਪਰ ਪੰਜਾਬ ਵਿੱਚ ਵੀ ਬੁੱਤ ਪੂਜਾ ਵਧ ਰਹੀ ਹੈ।

ਹੈਰਾਨੀ ਦੀ ਗੱਲ਼ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਜਰਾਤ ਵਿੱਚ ਲੱਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬੁੱਤ ਦਾ ਤਾਂ ਜ਼ੋਰਸ਼ੋਰ ਨਾਲ ਵਿਰੋਧ ਕੀਤਾ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਨੇੜੇ ਮਾਰਕੀਟ ਵਿੱਚ ਗੁਰੂ ਸਾਹਿਬਾਨ ਦੀਆਂ ਛੋਟੀਆਂ-ਛੋਟੀਆਂ ਮੂਰਤੀਆਂ ਸ਼ਰੇਆਮ ਵਿਕ ਰਹੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਮੂਰਤੀਆਂ ਦਾ ਇਹ ਕਾਰੋਬਾਰ ਚੱਲ ਰਿਹਾ ਹੈ।


ਅਜਿਹੀਆਂ ਮੂਰਤੀਆਂ ਚੀਨ ਤੋਂ ਬਣ ਕੇ ਵੀ ਆ ਰਹੀਆਂ ਹਨ। ਇਹ ਮਾਮਲਾ ਮੀਡੀਆ ਵੱਲੋਂ ਖ਼ਬਰਾਂ ਰਾਹੀਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਪਰ ਇਨ੍ਹਾਂ ਸਿੱਖ ਸੰਸਥਾਵਾਂ ਦੀ ਇਸ ਮਾਮਲੇ ਵਿੱਚ ਚੁੱਪ ਦਾ ਸਿੱਟਾ ਹੈ ਕਿ ਹੁਣ ਗੁਰੂ ਸਾਹਿਬ ਦਾ ਵੱਡਾ ਬੁੱਤ ਸਥਾਪਤ ਕਰ ਦਿਤਾ ਗਿਆ ਹੈ।

ਉਧਰ, ਗੁਜਰਾਤ ਦੇ ਭਾਵਨਗਰ ਦੇ ਚੌਕ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬੁੱਤ ਹਟਾ ਦਿੱਤਾ ਜਾਵੇਗਾ। ਸਿੱਖ ਸੰਗਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਗਟਾਏ ਗਏ ਵਿਰੋਧ ਤੋਂ ਬਾਅਦ ਪ੍ਰਬੰਧਕਾਂ ਨੇ ਇਹ ਬੁੱਤ ਹਟਾਉਣ ਦਾ ਭਰੋਸਾ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਬੁੱਤ ਭਾਵਨਗਰ ਵਿੱਚ ਵੱਸਦੇ ਸਿੰਧੀ ਸਮਾਜ ਵੱਲੋਂ ਸਥਾਪਤ ਕੀਤਾ ਗਿਆ ਸੀ। ਸਿੰਧੀ ਸਮਾਜ ਗੁਰੂ ਨਾਨਕ ਦੇਵ ਜੀ ਲਈ ਸ਼ਰਧਾ ਭਾਵ ਰੱਖਦਾ ਹੈ ਤੇ ਸਤਿਕਾਰ ਕਰਦਾ ਹੈ। ਸਿੰਧੀ ਸਮਾਜ ਨੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਦੱਸਿਆ ਹੈ ਕਿ ਵਿਵਾਦ ਦਾ ਕਾਰਨ ਬਣੇ ਇਸ ਬੁੱਤ ਨੂੰ ਹਟਾ ਦੇਣਗੇ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ ਤੇ ਬੁੱਤ ਸਥਾਪਤ ਕਰਨਾ ਮੂਰਤੀ ਪੂਜਾ ਦਾ ਰੂਪ ਹੈ। ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ਬੁੱਤ ਸਥਾਪਤ ਕਰਨ ਦੀ ਪ੍ਰਵਾਨਗੀ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਜਾਂ ਬੁੱਤਪ੍ਰਸਤੀ ਦੀ ਸਖ਼ਤ ਮਨਾਹੀ ਹੈ। ਗੁਰੂ ਸਾਹਿਬ ਦੀਆਂ ਮੂਰਤੀਆਂ ਸਥਾਪਤ ਕਰਨਾ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ।