ਨਵੀਂ ਦਿੱਲੀ: ਪ੍ਰਧਾਨ ਮੰਤਰੀ ਆਪਣੇ ਦੂਜੇ ਕਾਰਜਕਾਲ ਲਈ ਅੱਜ ਸ਼ਾਮ 7 ਵਜੇ ਸਹੁੰ ਚੁੱਕਣਗੇ। ਉਨ੍ਹਾਂ ਨਾਲ ਮੋਦੀ ਕੈਬਨਿਟ ਵਿੱਚ ਸ਼ਾਮਲ ਹੋਣ ਵਾਲੇ ਲੀਡਰਾਂ ਨੂੰ ਵੀ ਸਹੁੰ ਚੁਕਵਾਈ ਜਾਏਗੀ। ਸੂਤਰਾਂ ਮੁਤਾਬਕ ਅੱਜ 50 ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪੀਐਮ ਮੋਦੀ ਦੇ ਪਹਿਲੇ ਕਾਰਜਕਾਲ ਦੇ 4-6 ਵੱਡੇ ਚਿਹਰਿਆਂ ਨੂੰ ਛੱਡ ਕੇ ਲਗਪਗ ਸਾਰੇ ਪੁਰਾਣੇ ਚਿਹਰੇ ਹੀ ਇੱਕ ਵਾਰ ਫਿਰ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।


ਪੰਜਾਬ ਦੀ ਗੱਲ ਕਰੀਏ ਤਾਂ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਮੰਤਰੀ ਬਣਨਗੇ। ਉਹ ਮੋਦੀ ਦੇ ਪਹਿਲੇ ਕਾਰਜਕਾਲ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਸਨ। ਐਲਜੇਪੀ ਦੇ ਕੋਟੇ ਵਿੱਚੋਂ ਰਾਮਵਿਲਾਸ ਪਾਸਵਾਨ ਮੰਤਰੀ ਬਣਨਗੇ। ਦੱਸ ਦੇਈਏ ਵਿੱਤ ਮੰਤਰੀ ਰਹੇ ਅਰੁਣ ਜੇਤਲੀ ਸਿਹਤ ਸਬੰਧੀ ਕਾਰਨਾਂ ਕਰਕੇ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਚੁੱਕੇ ਹਨ। ਉਨ੍ਹਾਂ ਦੀ ਥਾਂ ਪੀਊਸ਼ ਗੋਇਲ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਮੰਤਰੀ ਬਣਨ ਦੇ ਵੀ ਕਿਆਸ ਲਾਏ ਜਾ ਰਹੇ ਹਨ। ਸੁਸ਼ਮਾ ਸਵਰਾਜ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਹੈ।

ਅਮੇਠੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਸਮ੍ਰਿਤੀ ਇਰਾਨੀ, ਰਾਜਨਾਥ ਸਿੰਘ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ, ਨਰਿੰਦਰ ਸਿੰਘ ਤੋਮਰ, ਪ੍ਰਕਾਸ਼ ਜਾਵੜੇਕਰ, ਰਵੀ ਸ਼ੰਕਰ ਪ੍ਰਸਾਦ ਤੇ ਧਰਮਿੰਦਰ ਪ੍ਰਧਾਨ ਵਰਗੇ ਸੀਨੀਅਰ ਆਗੂ ਦੂਜੀ ਮੋਦੀ ਸਰਕਾਰ ਵਿੱਚ ਸ਼ਾਮਲ ਹੋ ਸਕਦੇ ਹੋ। ਰਾਜਵਰਧਨ ਸਿੰਘ ਰਾਠੌਰ, ਜਨਰਲ ਵੀਕੇ, ਨਰਿੰਦਰ ਸਿੰਘ ਤੋਮਰ, ਥਾਵਰ ਚੰਦ ਗਹਿਲੋਤ, ਮੁਖਤਾਰ ਅੱਬਾਸ ਨਕਵੀ ਤੇ ਜਿਤੇਂਦਰ ਸਿੰਘ ਨੂੰ ਵੀ ਪਿਛਲੀ ਵਾਰ ਵਾਂਗ ਇਸ ਵਾਰ ਵੀ ਮੰਤਰੀ ਬਣਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਮੋਦੀ ਕੈਬਨਿਟ ਵਿੱਚ ਜੇਡੀਯੂ, ਸ਼ਿਵ ਸੈਨਾ, ਐਲਜੇਪੀ, ਏਆਈਏਡੀਐਮਕੇ, ਅਪਨਾ ਦਲ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਥਾਂ ਮਿਲੇਗੀ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਊਧਵ ਠਾਕਰੇ ਨੇ ਅਰਵਿੰਦ ਸਾਵੰਤ ਦਾ ਨਾਂ ਪੇਸ਼ ਕੀਤਾ ਹੈ ਤੇ ਉਹ ਮੰਤਰੀ ਵਜੋਂ ਸਹੁੰ ਚੁੱਕਣਗੇ।