ਮੀਰਪੁਰ - ਬੰਗਲਾਦੇਸ਼ ਦੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਦੂਜੇ ਟੈਸਟ ਮੈਚ 'ਚ ਮਾਤ ਦੇਕੇ 2 ਮੈਚਾਂ ਦੀ ਟੈਸਟ ਸੀਰੀਜ਼ 1-1 ਦੀ ਬਰਾਬਰੀ 'ਤੇ ਖਤਮ ਕੀਤੀ। ਦੂਜੇ ਟੈਸਟ ਮੈਚ 'ਚ 273 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਨੇ 64 ਰਨ ਵਿਚਾਲੇ 10 ਵਿਕਟ ਗਵਾ ਦਿੱਤੇ। 

  

 

ਦਮਦਾਰ ਸ਼ੁਰੂਆਤ ਤੋਂ ਬਾਅਦ 164 ਰਨ 'ਤੇ ਢੇਰ 

 

ਇੰਗਲੈਂਡ ਦੀ ਟੀਮ ਨੇ ਮੈਚ 'ਚ ਦਮਦਾਰ ਸ਼ੁਰੂਆਤ ਕੀਤੀ। ਇੰਗਲੈਂਡ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ 'ਚ 220 ਰਨ 'ਤੇ ਢੇਰ ਕਰਨ ਤੋਂ ਬਾਅਦ ਆਪਣੀ ਪਹਿਲੀ ਪਾਰੀ 'ਚ 244 ਰਨ ਬਣਾਏ। ਬੰਗਲਾਦੇਸ਼ ਦੀ ਟੀਮ ਦੂਜੀ ਪਾਰੀ 'ਚ 296 ਰਨ 'ਤੇ ਆਲ ਆਊਟ ਹੋਈ ਅਤੇ ਇੰਗਲੈਂਡ ਨੂੰ ਜਿੱਤ ਲਈ 273 ਰਨ ਦਾ ਟੀਚਾ ਮਿਲਿਆ। ਇੰਗਲੈਂਡ ਨੇ ਦੂਜੀ ਪਾਰੀ 'ਚ ਦਮਦਾਰ ਸ਼ੁਰੂਆਤ ਕੀਤੀ ਅਤੇ ਇੱਕ ਸਮੇਂ ਇੰਗਲੈਂਡ ਦੀ ਟੀਮ ਬਿਨਾ ਕੋਈ ਵਿਕਟ ਗਵਾਏ 100 ਰਨ ਬਣਾ ਚੁੱਕੀ ਸੀ। ਟੀਮ ਲਈ ਕੁੱਕ ਅਤੇ ਡਕੈਟ ਨੇ ਅਰਧ-ਸੈਂਕੜੇ ਜੜੇ। ਪਰ ਫਿਰ ਅਗਲੇ 64 ਰਨ ਵਿਚਾਲੇ ਇੰਗਲੈਂਡ ਦੀ ਟੀਮ ਨੇ ਆਪਣੇ 10 ਵਿਕਟ ਗਵਾ ਦਿੱਤੇ। ਕੁੱਕ ਅਤੇ ਡਕੈਟ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੇ ਇੰਗਲੈਂਡ ਦੇ 9 ਚੋਂ 8 ਬੱਲੇਬਾਜ ਦਹਾਈ ਦਾ ਅੰਕੜਾ ਵੀ ਪਾਰ ਕਰਨ 'ਚ ਨਾਕਾਮ ਰਹੇ। 

  

 

ਮਹੇਦੀ ਹਸਨ ਦਾ ਕਮਾਲ 

 

ਬੰਗਲਾਦੇਸ਼ ਲਈ ਮਹੇਦੀ ਹਸਨ ਮਿਰਾਜ਼ ਨੇ ਦਮਦਾਰ ਖੇਡ ਵਿਖਾਇਆ ਅਤੇ ਮੈਚ 'ਚ ਕੁਲ 12 ਵਿਕਟ ਹਾਸਿਲ ਕੀਤੇ। ਮਹੇਦੀ ਹਸਨ ਨੇ ਦੂਜੇ ਟੈਸਟ ਦੀਆਂ ਦੋਨੇ ਪਾਰੀਆਂ 'ਚ 6-6 ਵਿਕਟ ਹਾਸਿਲ ਕੀਤੇ। ਬੰਗਲਾਦੇਸ਼ ਦਾ ਇਹ ਗੇਂਦਬਾਜ਼ ਮੈਚ 'ਚ ਟੀਮ ਦੀ ਜਿੱਤ ਦਾ ਹੀਰੋ ਤਾਂ ਬਣਿਆ ਹੀ ਨਾਲ ਹੀ 'ਮੈਨ ਆਫ ਦ ਸੀਰੀਜ਼' ਦਾ ਖਿਤਾਬ ਵੀ ਮਹੇਦੀ ਹਸਨ ਦੇ ਨਾਮ ਰਿਹਾ।