ਨਵੀਂ ਦਿੱਲੀ - ਕ੍ਰਿਕਟਰ ਯੁਵਰਾਜ ਸਿੰਘ ਚਾਹੇ ਇਨ੍ਹੀਂ ਦਿਨੀ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਹਨ। ਪਰ ਫਿਰ ਵੀ ਮੈਦਾਨ ਅਤੇ ਕ੍ਰਿਕਟ ਦੀ ਦੁਨੀਆ 'ਚ ਉਨ੍ਹਾਂ ਦੇ ਨਾਮ ਦਾ ਖੂਬ ਚਰਚਾ ਹੋ ਰਿਹਾ ਹੈ। ਗੇਂਦਬਾਜ਼ ਹੁਣ ਵੀ ਯੁਵਰਾਜ ਸਿੰਘ ਦਾ ਵਿਕਟ ਹਾਸਿਲ ਕਰਨ ਲਈ ਤਰਸ ਰਹੇ ਹਨ। ਯੁਵੀ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਿੱਲੀ 'ਚ ਇੱਕ ਵਾਰ ਫਿਰ ਤੋਂ ਆਪਣੀ ਬਾਦਸ਼ਾਹਤ ਕਾਇਮ ਕਰ ਲਈ। ਯੁਵਰਾਜ ਸਿੰਘ ਨੇ ਆਪਣੇ ਪਹਿਲਾ ਦਰਜ ਕ੍ਰਿਕਟ ਦੇ ਸਭ ਤੋਂ ਵੱਡੇ ਸਕੋਰ ਨੂੰ ਹਾਸਿਲ ਕਰ ਆਪਣੇ ਫੈਨਸ ਨੂੰ ਦੀਵਾਲੀ ਦਾ ਬੰਪਰ ਗਿਫਟ ਦਿੱਤਾ। 

  

 

ਯੁਵਰਾਜ ਸਿੰਘ ਦੇ ਬੱਲੇ ਦੀ ਦਹਾੜ ਨੇ ਦਿੱਲੀ 'ਚ ਪੰਜਾਬ ਟੀਮ ਦੇ ਵਿਰੋਧੀ ਗੇਂਦਬਾਜ਼ਾਂ ਨੂੰ ਤਾਂ ਪਰੇਸ਼ਾਨ ਕੀਤਾ ਹੀ ਨਾਲ ਹੀ ਟੀਮ ਇੰਡੀਆ ਦੇ ਸਿਲੈਕਟਰਸ ਨੂੰ ਵੀ ਸੋਚਣ 'ਤੇ ਮਜਬੂਰ ਕਰ ਦਿੱਤਾ। ਦਿੱਲੀ 'ਚ ਪੰਜਾਬ ਅਤੇ ਬੜੋਦਾ ਵਿਚਾਲੇ ਖੇਡੇ ਗਏ ਰਣਜੀ ਟਰਾਫੀ ਮੈਚ 'ਚ ਯੁਵਰਾਜ ਸਿੰਘ ਨੇ ਦੋਹਰਾ ਸੈਂਕੜਾ ਠੋਕਿਆ। ਯੁਵਰਾਜ ਸਿੰਘ ਨੇ 260 ਰਨ ਦੀ ਪਾਰੀ ਖੇਡੀ। ਇਹ ਯੁਵਰਾਜ ਸਿੰਘ ਦਾ ਪਹਿਲਾ ਦਰਜਾ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਹੈ। ਇਸਤੋਂ ਪਹਿਲਾਂ ਯੁਵੀ ਦਾ ਬੈਸਟ ਸਕੋਰ 209 ਰਨ ਦਾ ਸੀ। ਯੁਵਰਾਜ ਸਿੰਘ ਨੇ 370 ਗੇਂਦਾਂ 'ਤੇ 260 ਰਨ ਦੀ ਪਾਰੀ ਖੇਡੀ। ਯੁਵੀ ਦੀ ਪਾਰੀ 'ਚ 26 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। 

  

 

ਇਸ ਪਾਰੀ ਦੌਰਾਨ ਯੁਵਰਾਜ ਸਿੰਘ ਨੇ ਮਨਨ ਵੋਹਰਾ ਨਾਲ  ਮਿਲਕੇ 343 ਰਨ ਦੀ ਰਿਕਾਰਡ ਤੋੜ ਪਾਰਟਨਰਸ਼ਿਪ ਵੀ ਕੀਤੀ। ਮਨਨ ਵੋਹਰਾ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ 224 ਰਨ ਦਾ ਯੋਗਦਾਨ ਪਾਇਆ। ਯੁਵਰਾਜ ਸਿੰਘ ਦੇ ਧਮਾਕੇ ਦੇ ਆਸਰੇ ਪੰਜਾਬ ਦੀ ਟੀਮ ਇਸ ਮੈਚ 'ਚ 3 ਅੰਕ ਹਾਸਿਲ ਕਰਨ 'ਚ ਕਾਮਯਾਬ ਰਹੀ। ਬੜੋਦਾ ਦੀ ਟੀਮ ਨੇ ਪਹਿਲੀ ਪਾਰੀ 'ਚ 529 ਰਨ ਦਾ ਵੱਡਾ ਸਕੋਰ ਖੜਾ ਕੀਤਾ ਸੀ। ਜਵਾਬ 'ਚ ਪੰਜਾਬ ਦੀ ਟੀਮ ਨੇ 670 ਰਨ ਦਾ ਸਕੋਰ ਖੜਾ ਕਰ ਪਹਿਲੀ ਪਾਰੀ 'ਚ ਮਿਲੀ ਲੀਡ ਦੇ ਆਸਰੇ 3 ਅੰਕ ਆਪਣੇ ਨਾਮ ਕਰ ਲਏ। ਇਸਤੋਂ ਪਹਿਲਾਂ ਲਾਹਲੀ ਦੇ ਮੈਦਾਨ 'ਤੇ ਯੁਵਰਾਜ ਸਿੰਘ ਨੇ ਪੰਜਾਬ ਅਤੇ ਮਧਿਆ ਪ੍ਰਦੇਸ਼ ਵਿਚਾਲੇ ਖੇਡੇ ਗਏ ਮੈਚ 'ਚ 177 ਰਨ ਦੀ ਪਾਰੀ ਖੇਡ ਵਿਖਾ ਦਿੱਤਾ ਸੀ ਕਿ ਉਨ੍ਹਾਂ ਦੀ ਫਾਰਮ ਵਾਪਿਸ ਆ ਗਈ ਹੈ। ਇਸ ਰਣਜੀ ਸੀਜ਼ਨ 'ਚ ਯੁਵਰਾਜ ਸਿੰਘ ਦਾ ਬੱਲਾ ਖੂਬ ਰਨ ਬਰਸਾ ਰਿਹਾ ਹੈ।