ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਬੰਬੂਕਾਟ 'ਤੇ ਸਵਾਰ ਹੋ ਕੀਤਾ ਏਸ਼ੀਆਈ ਖੇਡਾਂ ਦਾ ਆਗ਼ਾਜ਼
ਏਬੀਪੀ ਸਾਂਝਾ | 19 Aug 2018 10:42 AM (IST)
ਜਕਾਰਤਾ: 18ਵੇਂ ਏਸ਼ੀਆਈ ਖੇਡਾਂ ਦਾ ਸ਼ਨੀਵਾਰ ਦੇਰ ਸ਼ਾਮ ਗੇਲੋਰਾ ਬੁੰਗ ਕਾਰਨੋ ਸਟੇਡੀਅਮ ਵਿੱਚ ਰੰਗਾਰੰਗ ਪ੍ਰੋਗਰਾਮ ਰਾਹੀਂ ਆਗ਼ਾਜ਼ ਹੋ ਗਿਆ ਹੈ। ਇਸ ਉਦਘਾਟਨੀ ਸਮਾਗਮ ਵਿੱਚ ਸਿਰਫ਼ ਨਾਚ-ਗਾਣਾ ਹੀ ਨਹੀਂ ਬਲਕਿ ਖਿੱਚ ਦਾ ਕੇਂਦਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਰਹੇ। ਰਾਸ਼ਟਰਪਤੀ ਜੋਕੋ ਵਿਡੋਡੋ ਨੇ ਮੋਟਰਸਾਈਕਲ ’ਤੇ ਸਟੇਡੀਅਮ ਵਿੱਚ ਪਹੁੰਚ ਕੇ ਸਮਾਰੋਹ ਨੂੰ ਚਾਰ ਚੰਨ ਲਾਏ। ਖੇਡਾਂ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਭਾਰਤ ਲਈ ਇੱਕ ਚੰਗੀ ਖ਼ਬਰ ਵੀ ਆਈ ਹੈ। 18ਵੀਆਂ ਏਸ਼ੀਆਈ ਖੇਡਾਂ 'ਚ ਭਾਰਤ ਦੇ ਖਿਡਾਰੀਆਂ ਨੇ ਪਹਿਲੀ ਜਿੱਤ ਵੀ ਦਰਜ ਕਰ ਲਈ ਹੈ। ਦੇਸ਼ ਦੀ ਮਹਿਲਾ ਕਬੱਡੀ ਟੀਮ ਨੇ ਗਰੁੱਪ ਏ ਦੇ ਪਹਿਲੇ ਮੈਚ 'ਚ ਸ਼ਨੀਵਾਰ ਨੂੰ ਜਾਪਾਨ ਨੂੰ ਕਰਾਰੀ ਮਾਤ ਦਿੱਤੀ। ਭਾਰਤੀ ਮੁਟਿਆਰਾਂ ਨੇ ਇਕਪਾਸੜ ਮੁਕਾਬਲੇ 'ਚ 43-12 ਨਾਲ ਸੌਖੀ ਜਿੱਤ ਦਰਜ ਕੀਤੀ। ਭਾਰਤੀ ਮੁਟਿਆਰਾਂ ਲਈ ਕਬੱਡੀ ਮੁਕਾਬਲਾ ਜਿੱਤ ਕੇ ਹੈਟ੍ਰਿਕ ਸਿਰਜਣ ਦਾ ਇਹ ਚੰਗਾ ਮੌਕਾ ਹੈ। ਇਨ੍ਹਾਂ ਖੇਡਾਂ ’ਚ ਭਾਰਤ ਸਮੇਤ 45 ਦੇਸ਼ਾਂ ਦੇ 10 ਹਜ਼ਾਰ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਉਦਘਾਟਨੀ ਸਮਾਗਮ ਦੌਰਾਨ ਮਾਰਚ ਪਾਸਟ ਵੀ ਕੀਤਾ ਗਿਆ ਤੇ ਸਟੇਡੀਅਮ ’ਚ ਸਭ ਤੋਂ ਪਹਿਲਾਂ ਅਫ਼ਗਾਨਿਸਤਾਨੀ ਦਲ ਦਾਖ਼ਲ ਹੋਇਆ। ਭਾਰਤੀ ਦਲ ਜੂਨੀਅਰ ਵਿਸ਼ਵ ਚੈਂਪੀਅਨ ਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਦੀ ਅਗਵਾਈ ਵਿੱਚ ਨੌਵੇਂ ਨੰਬਰ ’ਤੇ ਸਟੇਡੀਅਮ ’ਚ ਦਾਖ਼ਲ ਹੋਇਆ। 18ਵੀਆਂ ਏਸ਼ਿਆਈ ਖੇਡਾਂ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ ਸ਼ਹਿਰਾਂ ’ਚ ਹੋ ਰਹੀਆਂ। ਇੰਡੋਨੇਸ਼ੀਆ ਸਾਲ 1968 ਤੋਂ ਬਾਅਦ ਦੂਜੀ ਵਾਰ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਉਦਘਾਟਨੀ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਉੱਤਰੀ ਤੇ ਦੱਖਣੀ ਕੋਰੀਆ ਦੇ ਖਿਡਾਰੀ ਇੱਕ-ਦੂਜੇ ਦੇ ਹੱਥ ਫੜ ਕੇ ਇਕੱਠੇ ਸਟੇਡੀਅਮ ’ਚ ਦਾਖ਼ਲ ਹੋਏ। ਇਸ ਦੌਰਾਨ ਦੋਵੇਂ ਮੁਲਕਾਂ ਦੇ ਆਗੂ ਵੀ ਹੱਥਾਂ ਨੂੰ ਫੜ ਕੇ ਆਪਣੀ ਥਾਂ ’ਤੇ ਖੜ੍ਹੇ ਸਨ। ਦੋਵੇਂ ਕੋਰਿਆਈ ਮੁਲਕ ਕੁਝ ਖੇਡਾਂ ’ਚ ਰਲ ਕੇ ਹਿੱਸਾ ਲੈਣਗੇ। ਚੀਨ ਲਗਾਤਾਰ 10ਵੀਂ ਵਾਰ ਤਗ਼ਮਾ ਸੂਚੀ ’ਚ ਅੱਵਲ ਸਥਾਨ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗਾ।