ਪਰਵੇਜ਼ ਸੰਧੂ
ਜਕਾਰਤਾ - ਏਸ਼ੀਅਨ ਖੇਡਾਂ 2018 ਚ ਭਾਰਤ ਲਈ 5ਵਾਂ ਦਿਨ ਕੋਈ ਜ਼ਿਆਦਾ ਖਾਸ ਨਹੀਂ ਰਿਹਾ। ਪੰਜਵੇ ਦਿਨ ਭਾਰਤ ਨੂੰ 3 ਮੈਡਲ ਹਾਸਿਲ ਹੋਏ ਪਰ ਕਈ ਭਾਰਤੀ ਖਿਡਾਰੀ ਤਗਮੇ ਪੱਕੇ ਕਰਨ ਵਿਚ ਕਾਮਯਾਬ ਜ਼ਰੂਰ ਹੋ ਗਏ। ਵੀਰਵਾਰ ਨੂੰ ਭਾਰਤ ਦੀ ਝੋਲੀ ਵਿਚ 1 ਚਾਂਦੀ ਅਤੇ 2 ਕਾਂਸੀ ਦੇ ਤਗਮੇ ਪਏ।
ਸ਼ੂਟਿੰਗ - ਵੀਰਵਾਰ ਨੂੰ ਭਾਰਤ ਵਾਸਤੇ ਸਭ ਤੋਂ ਵਧੀਆ ਪ੍ਰਦਰਸ਼ਨ 15 ਸਾਲਾ ਸ਼ੂਟਰ ਸ਼ਰਦੁਲ ਵਿਹਾਨ ਦਾ ਰਿਹਾ ਜਿਸ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ। ਸ਼ਰਦੁਲ ਵਿਹਾਨ ਨੇ ਪੁਰਸ਼ਾਂ ਦੇ ਡਬਲਸ ਟਰੈਪ ਈਵੈਂਟ ਵਿਚ ਚਾਂਦੀ ਦਾ ਤਗਮਾ ਹਾਸਿਲ ਕੀਤਾ। ਕਬੱਡੀ - ਏਸ਼ੀਅਨ ਖੇਡਾਂ ਵਿਚ 1990 ਤੋਂ ਲੈਕੇ 2014 ਤਕ ਭਾਰਤੀ ਪੁਰਸ਼ ਟੀਮ ਨੇ ਹਰ ਵਾਰ ਕਬੱਡੀ ਚ ਸੋਨ ਤਗਮਾ ਆਪਣੇ ਨਾਂਅ ਕੀਤਾ ਸੀ। ਲਗਾਤਾਰ 7 ਵਾਰ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਇਸ ਵਾਰ ਦੀਆਂ ਏਸ਼ੀਅਨ ਖੇਡਾਂ ਵਿਚ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਭਾਰਤ ਨੂੰ ਸੈਮੀਫਾਈਨਲ ਵਿਚ ਇਰਾਨ ਦੀ ਟੀਮ ਨੇ ਮਾਤ ਦਿੱਤੀ। ਇਰਾਨ ਨੇ ਭਾਰਤ ਨੂੰ 27-18 ਦੇ ਫਰਕ ਨਾਲ ਹਰਾਇਆ। ਸਾਲ 1990 ਵਿਚ ਬੀਜਿੰਗ ਵਿਚ ਹੋਏ ਏਸ਼ੀਆਡ ਵਿਚ ਪਹਿਲੀ ਵਾਰ ਕਬੱਡੀ ਨੂੰ ਖੇਡਾਂ ਵਿਚ ਸ਼ਾਮਿਲ ਕੀਤਾ ਗਿਆ ਸੀ ਤੇ ਉਦੋਂ ਤੋਂ ਲੈਕੇ ਹਰ ਵਾਰ ਭਾਰਤੀ ਟੀਮ ਫਾਈਨਲ ਵਿਚ ਐਂਟਰੀ ਕਰਦੀ ਰਹੀ ਤੇ ਹਰ ਵਾਰ ਗੋਲਡ ਮੈਡਲ ਭਾਰਤ ਦੀ ਝੋਲੀ ਪਿਆ ਪਰ ਜਕਾਰਤਾ ਵਿਚ ਭਾਰਤ ਦੇ ਸ਼ਾਨਦਾਰ ਇਤਿਹਾਸ ਤੇ ਇਰਾਨ ਦੀ ਟੀਮ ਭਾਰੀ ਪੈ ਗਈ।
ਟੈਨਿਸ - ਟੈਨਿਸ ਵਿਚ ਭਾਰਤ ਲਈ ਪੁਰਸ਼ਾਂ ਦੇ ਡਬਲਸ ਮੁਕਾਬਲਿਆਂ ਵਿਚ ਘੱਟੋ-ਘੱਟ ਸਿਲਵਰ ਮੈਡਲ ਪੱਕਾ ਹੋ ਗਿਆ ਹੈ। ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਜੋੜੀ ਨੇ ਏਸ਼ੀਆਡ ਦੇ ਫਾਈਨਲ ਵਿਚ ਐਂਟਰੀ ਕਰ ਲਈ ਹੈ। ਕੱਲ੍ਹ ਖੇਡੇ ਗਏ ਸੈਮੀਫਾਈਨਲ ਵਿਚ ਬੋਪੰਨਾ-ਸ਼ਰਨ ਦੀ ਜੋੜੀ ਨੇ ਜਾਪਾਨ ਦੀ ਜੋੜੀ ਨੂੰ 4-6, 6-3, 10-8 ਦੇ ਫਰਕ ਨਾਲ ਮਾਤ ਦਿੱਤੀ।
ਟੈਨਿਸ ਵਿਚ ਹੀ ਮਹਿਲਾ ਸਿੰਗਲਸ ਕੈਟੇਗਰੀ ਵਿਚ ਭਾਰਤ ਦੀ ਅੰਕਿਤਾ ਰੈਨਾ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਕਿਤਾ ਰੈਨਾ ਦੀ ਟੱਕਰ ਚੀਨ ਦੀ ਸ਼ੁਆਈ ਜਹੈਂਗ ਨਾਲ ਹੋਈ ਸੀ ਤੇ ਇਸ ਮੈਚ ਵਿਚ ਚੀਨ ਦੀ ਖਿਡਾਰਨ ਨੇ 6-4, 7-6 ਦੇ ਫਰਕ ਨਾਲ ਬਾਜ਼ ਮਾਰੀ।
ਟੈਨਿਸ ਵਿਚ ਭਾਰਤ ਵਾਸਤੇ ਇੱਕ ਹੋਰ ਤਗਮਾ ਉਸ ਵੇਲੇ ਪੱਕਾ ਹੋ ਗਿਆ ਜਦੋਂ ਪ੍ਰਜਨੇਸ਼ ਗੁਨੇਸਵਰਨ ਨੇ ਸੈਮੀਫਾਈਨਲ ਵਿਚ ਐਂਟਰੀ ਕਰ ਲਈ। ਪ੍ਰਜਨੇਸ਼ ਗੁਨੇਸਵਰਨ ਨੇ ਕੁਆਟਰਫਾਈਨਲ ਵਿਚ ਕੋਰੀਆ ਦੇ ਕਵੌਨ ਸੁਨਵੂ ਨੂੰ ਕਰੀਬ 4 ਘੰਟੇ ਤਕ ਚੱਲੇ ਮੈਚ ਵਿਚ ਮਾਤ ਦਿੱਤੀ। ਗੁਨੇਸਵਰਨ ਨੇ ਕੋਰੀਅਨ ਖਿਡਾਰੀ ਨੂੰ 6-7, 6-4, 7-6 ਨਾਲ ਮਾਤ ਦਿੱਤੀ।
ਸਕਵਾਸ਼ - ਇਸ ਖੇਡ ਵਿਚ ਅੱਜ ਦਾ ਦਿਨ ਬੇਹਦ ਖਾਸ ਹੋਵੇਗਾ ਕਿਉਂਕਿ ਭਾਰਤ ਦੇ 2 ਖਿਡਾਰੀਆਂ ਨੇ ਕੱਲ੍ਹ ਮੈਚ ਜਿੱਤ ਕੇ ਅੱਜ ਦੇ ਮੈਚ ਲਈ ਕੁਆਲੀਫਾਈ ਕਰ ਲਿਆ ਹੈ ਤੇ ਨਾਲ ਹੀ ਭਾਰਤ ਦਾ ਮੈਡਲ ਵੀ ਪੱਕਾ ਕਰ ਦਿੱਤਾ ਹੈ। ਅੱਜ ਸੌਰਵ ਘੋਸ਼ਾਲ ਨੇ ਆਪਣਾ ਮੈਚ ਜਿੱਤਿਆ ਤੇ ਹੁਣ ਕੱਲ੍ਹ ਦੇ ਸੈਮੀਫਾਈਨਲ ਵਿਚ ਸੌਰਵ ਘੋਸ਼ਾਲ ਤੇ ਹਰਿੰਦਰਪਾਲ ਸੰਧੂ ਦੀ ਟੱਕਰ ਹੋਵੇਗੀ। ਸਕਵਾਸ਼ ਦੀ ਖੇਡ ਵਿਚ ਹੀ ਭਾਰਤ ਦੀ ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ ਨੇ ਵੀ ਕੁਆਟਰਫਾਈਨਲ ਵਿਚ ਐਂਟਰੀ ਕਰ ਲਈ ਹੈ।
ਬੈਡਮਿੰਟਨ - ਕੱਲ੍ਹ ਭਾਰਤੀ ਮਹਿਲਾ ਖਿਡਾਰਨਾ ਨੇ ਬੈਡਮਿੰਟਨ ਵਿਚ ਜੇਤੂ ਸ਼ੁਰੂਆਤ ਕੀਤੀ। ਸਾਇਨਾ ਨਹਿਵਾਲ ਨੇ ਆਪਣੇ ਪਹਿਲੇ ਮੈਚ ਵਿਚ ਇਰਾਨ ਦੀ ਖਿਡਾਰਨ ਨੂੰ ਸਿਰਫ 26 ਮਿੰਟ ਤਕ ਚੱਲੇ ਮੈਚ ਵਿਚ 21-7, 21-9 ਨਾਲ ਮਾਤ ਦਿੱਤੀ। ਪਰ ਪੀ.ਵੀ. ਸਿੰਧੂ ਨੂੰ ਵੀਅਤਨਾਮ ਦੀ ਖਿਡਾਰਨ ਖਿਲਾਫ ਜਿੱਤ ਦਰਜ ਕਰਨ ਵਿਚ 58 ਮਿੰਟ ਲੱਗੇ। ਸਿੰਧੂ ਨੇ ਆਪਣਾ ਮੈਚ 21-10, 12-21, 23-21 ਦੇ ਫਰਕ ਨਾਲ ਜਿੱਤਿਆ।
ਆਰਚਰੀ - ਤੀਰਅੰਦਾਜ਼ 'ਚ ਭਾਰਤ ਨੇ ਕੋਈ ਖਾਸ ਕਮਾਲ ਨਹੀਂ ਕੀਤਾ। ਦੀਪਿਕਾ ਕੁਮਾਰੀ ਵੀ ਕੋਈ ਕਮਾਲ ਨਹੀਂ ਕਰ ਸਕੀ ਜਦਕਿ ਅੰਤਨੁ ਦਾਸ ਵੀ ਆਪਣਾ ਕੁਆਟਰਫਾਈਨਲ ਮੈਚ ਹਾਰ ਗਏ।
ਵੇਟਲਿਫਟਿੰਗ - ਇਸ ਖੇਡ ਵਿਚ ਵੀ ਭਾਰਤ ਨੂੰ ਕਾਮਯਾਬੀ ਹਾਸਿਲ ਨਹੀਂ ਹੋਈ। ਅੱਜ ਭਾਰਤ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਨੈਸ਼ਨਲ ਰਿਕਾਰਡ ਹੋਲਡਰ ਅਤੇ ਕਾਮਨਵੈਲਥ ਖੇਡਾਂ ਦੇ ਸੋਨ ਤਗਮਾ ਜੇਤੂ ਸਤੀਸ਼ ਸਿਵਾਲਿੰਗਮ ਨੂੰ ਇੰਜਰੀ ਹੋ ਗਈ ਅਤੇ ਓਹ ਮੈਡਲ ਜਿੱਤਣ ਵਿਚ ਨਾਕਾਮ ਰਹੇ। ਓਹ 77kg ਭਾਰਵਰਗ ਵਿਚ ਖੇਡ ਰਹੇ ਸਨ ਜਦਕਿ ਇਸੇ ਈਵੈਂਟ ਵਿਚ ਭਾਰਤ ਦੇ ਅਜੈ ਸਿੰਘ 5ਵੇਂ ਸਥਾਨ 'ਤੇ ਰਹੇ।
ਤੈਰਾਕੀ - ਸਵੀਮਿੰਗ ਵਿਚ ਵੀ ਭਾਰਤ ਨੂੰ ਮੈਡਲ ਹਾਸਿਲ ਨਹੀਂ ਹੋ ਸਕਿਆ ਹਾਲਾਂਕਿ ਤੈਰਾਕੀ ਵਿਚ ਭਾਰਤ ਦੇ ਸ਼੍ਰੀਹਰੀ ਨਟਰਾਜ ਨੇ ਆਪਣੇ ਰਾਸ਼ਟਰੀ ਰਿਕਾਰਡ ਵਿਚ 2 ਵਾਰ ਸੁਧਾਰ ਕੀਤਾ। 200m ਬੈਕਸਟ੍ਰੋਕ ਈਵੈਂਟ ਵਿਚ ਸ਼੍ਰੀਹਰੀ ਨਟਰਾਜ 6ਵੇਂ ਸਥਾਨ 'ਤੇ ਰਹੇ। ਦੂਜੇ ਪਾਸੇ ਵੀਰਧਵਲ ਖੜੇ 50m ਬਟਰਫਲਾਈ ਈਵੈਂਟ ਵਿਚ 8ਵੇਂ ਸਥਾਨ 'ਤੇ ਰਹੇ।
ਗੌਲਫ - ਗੌਲਫ ਵਿਚ ਭਾਰਤ ਦੀ ਸ਼ੁਰੂਆਤ ਦਮਦਾਰ ਰਹੀ। ਭਾਰਤ ਦੇ ਆਦਿਲ ਬੇਦੀ ਨੇ ਕਮਾਲ ਕਰਕੇ ਵਿਖਾਇਆ ਅਤੇ ਪਹਿਲੇ ਦਿਨ ਓਹ ਦੂਜੇ ਸਥਾਨ 'ਤੇ ਟਾਈ ਸਨ। ਆਦਿਲ ਬੇਦੀ ਨੇ ਬੋਗੀ-ਫ੍ਰੀ 69 ਅੰਕ ਜੁਟਾਏ ਅਤੇ ਉਨ੍ਹਾਂ ਦੇ ਕਮਾਲ ਤੋਂ ਬਾਅਦ ਭਾਰਤੀ ਟੀਮ ਦੂਜੇ ਸਥਾਨ 'ਤੇ ਟਿਕੀ ਹੋਈ ਹੈ।
ਰੋਇੰਗ - ਇਸ ਖੇਡ ਵਿਚ ਭਾਰਤ ਨੂੰ ਉਸ ਵੇਲੇ ਨਿਰਾਸ਼ਾ ਹੱਥ ਲੱਗੀ ਜਦ ਸੋਨ ਤਗਮੇ ਦੇ ਕੰਟੈਂਡਰ ਮੰਨੇ ਜਾ ਰਹੇ ਦੱਤੂ ਭੋਕਨਲਾਲ ਸਿੰਗਲ ਸਕਲਸ ਈਵੈਂਟ ਦੇ ਵਿਚ 6ਵੇਂ ਸਥਾਨ 'ਤੇ ਰਹਿ ਗਏ।
ਖੇਡਾਂ ਦੇ 5ਵੇਂ ਦਿਨ ਤੋਂ ਬਾਅਦ ਭਾਰਤ ਦੇ ਖਾਤੇ ਵਿਚ ਕੁਲ 18 ਤਗਮੇ ਹਨ, ਜਿੰਨਾਂ ਵਿਚ 4 ਗੋਲਡ, 4 ਸਿਲਵਰ ਅਤੇ 10 ਕਾਂਸੀ ਦੇ ਤਗਮੇ ਸ਼ਾਮਿਲ ਹਨ।