ਨਵੀਂ ਦਿੱਲੀ - ਯੁਵਾ ਗੌਲਫਰ ਅਦਿਤੀ ਅਸ਼ੋਕ ਨੇ ਐਤਵਾਰ ਨੂੰ ਹੀਰੋ ਮਹਿਲਾ ਇੰਡੀਅਨ ਓਪਨ ਗੌਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਲੇਡੀਜ਼ ਯੂਰੋਪੀਅਨ ਟੂਰ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵਜੋਂ ਅਦਿਤੀ ਨੇ ਆਪਣਾ ਨਾਮ ਦਰਜ ਕਰਵਾ ਦਿੱਤਾ ਹੈ। 18 ਸਾਲ ਦੀ ਅਦਿਤੀ ਨੇ ਆਖਰੀ ਦੌਰ 'ਚ ਈਵਨ ਪਾਰ 72 ਦਾ ਕਾਰਡ ਖੇਡ ਖਿਤਾਬ ਆਪਣੇ ਨਾਮ ਕੀਤਾ। ਅਦਿਤੀ ਨੇ ਸ਼ਨੀਵਾਰ ਤਕ 2 ਸਟ੍ਰੋਕ ਦੀ ਲੀਡ ਹਾਸਿਲ ਕੀਤੀ ਹੋਈ ਸੀ। ਅਦਿਤੀ ਨੇ ਆਪਣਾ ਕੁਲ ਸਕੋਰ 3 ਅੰਡਰ 213 ਰਨ ਪਹੁੰਚਾਇਆ। ਉਨ੍ਹਾਂ ਨੇ ਅਮਰੀਕਾ ਦੀ ਬ੍ਰਿਟਨੀ ਲਿਨਸੀਕੋਮ ਅਤੇ ਸਪੇਨ ਦੀ ਬੇਲੇਨ ਮੋਜੋ ਨੂੰ ਇੱਕ ਸ਼ਾਟ ਨਾਲ ਪਿੱਛੇ ਛੱਡਿਆ। 

  

 

ਅਦਿਤੀ ਨੇ ਐਤਵਾਰ ਨੂੰ ਦੂਜੇ ਅਤੇ 10 ਵੇਂ ਹੋਲ 'ਚ ਬਰਡੀ ਬਣਾਈ ਪਰ ਇਸਦੇ ਵਿਚਾਲੇ ਉਨ੍ਹਾਂ ਨੇ 7ਵੇਂ, 13ਵੇਂ ਅਤੇ 17ਵੇਂ ਹੋਲ 'ਤੇ ਬੋਗੀ ਕੀਤੀ। ਰਿਓ ਓਲੰਪਿਕਸ 'ਚ ਭਾਰਤ ਦੀ ਦਾਵੇਦਾਰੀ ਪੇਸ਼ ਕਰ ਚੁੱਕੀ ਅਦਿਤੀ ਅਸ਼ੋਕ ਨੂੰ ਆਖਰੀ ਹੋਲ 'ਤੇ ਬਰਡੀ ਦੀ ਲੋੜ ਸੀ ਅਤੇ ਉਨ੍ਹਾਂ ਨੇ 18ਵੇਂ ਹੋਲ 'ਤੇ ਆਪਣੀ 13ਵੀਂ ਬਰਡੀ ਬਣਾ ਕੇ ਰਿਕਾਰਡ ਬਣਾ ਦਿੱਤਾ। ਓਲੰਪਿਕਸ 'ਚ ਪ੍ਰਭਾਵਿਤ ਕਰਨ ਵਾਲੀ ਭਾਰਤ ਦੀ ਯੁਵਾ ਗੌਲਫਰ ਨੇ ਇਤਿਹਾਸਿਕ ਜਿੱਤ ਦਰਜ ਕਰ ਸਭ ਨੂੰ ਹੈਰਾਨ ਕਰ ਦਿੱਤਾ।