ਚੰਡੀਗੜ੍ਹ: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਪਰਥ ਟੈਸਟ ਵਿੱਚ ਆਸਟ੍ਰੇਲੀਆ ਨੇ ਦੂਜੇ ਟੈਸਟ ਵਿੱਚ ਭਾਰਤ ਨੂੰ 146 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਦੌਰਾਨ ਆਸਟ੍ਰੇਲਿਆਈ ਗੇਂਦਬਾਜ਼ਾਂ ਨੇ ਕਾਫੀ ਲਾਜਵਾਬ ਪ੍ਰਦਰਸ਼ਨ ਵਿਖਾਇਆ। ਆਸਟ੍ਰੇਲੀਆ ਦੇ ਮਿਛੇਲ ਸਟਾਰਕ ਨੇ 5 ਤੇ ਨੈਥਨ ਲਾਇਨ ਨੇ 8 ਵਿਕਟਾਂ ਹਾਸਲ ਕੀਤੀਆਂ।


ਮੈਚ ਹਾਰਨ ਪਿੱਛੋਂ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਟੁਕੜਿਆਂ ਵਿੱਚ ਵਧੀਆ ਖੇਡੇ ਤੇ ਅਗਲੇ ਮੈਚਾਂ ਵਿੱਚ ਵੀ ਉਨ੍ਹਾਂ ਨੂੰ ਇਹੀ ਚੀਜ਼ ਅੱਗੇ ਲੈ ਕੇ ਜਾਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਆਸਟ੍ਰੇਲਿਆਈ ਟੀਮ ਵਧੀਆ ਖੇਡੀ ਤੇ ਪਹਿਲੇ ਬੈਟਿੰਗ ਕਰਦਿਆਂ ਇਸ ਪਿਚ ’ਤੇ 330 ਦੌੜਾਂ ਬਣਾਉਣੀਆਂ ਉਨ੍ਹਾਂ ਲਈ ਫਾਇਦੇਮੰਦ ਰਿਹਾ। ਉਹ ਜਿੱਤਣ ਦੇ ਹੱਕਦਾਰ ਸੀ।

ਭਾਵੇਂ ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਂਕੜਾ ਜੜਿਆ ਤੇ ਹੋਰ ਬੱਲੇਬਾਜ਼ਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਫਿਰ ਵੀ ਇਹ ਕੋਸ਼ਿਸ਼ ਭਾਰਤ ਨੂੰ ਜਿੱਤ ਨਹੀਂ ਦਿਵਾ ਸਕੀ। ਨਤੀਜਨ ਭਾਰਤ ਨੇ ਮਹਿਜ਼ 28 ਦੌੜਾਂ ’ਤੇ ਹੀ ਅਖ਼ੀਰ ਦੀਆਂ 5 ਵਿਕਟਾਂ ਗਵਾ ਦਿੱਤੀਆਂ। ਇਸ ਸਬੰਧੀ ਵਿਰਾਟ ਨੇ ਕਿਹਾ ਕਿ ਜਦੋਂ ਤੁਸੀਂ ਮੈਦਾਨ ਵਿੱਚ ਹੁੰਦੇ ਹੋ ਤਾਂ ਤੁਸੀਂ ਕਿਸੇ ਨੂੰ ਘੱਟ ਨਹੀਂ ਸਮਝ ਸਕਦੇ। ਹਾਂ ਜੇ ਆਸਟ੍ਰੇਲੀਆ ਨੇ 30-40 ਦੌੜਾਂ ਘੱਟ ਬਣਾਈਆਂ ਹੁੰਦੀਆਂ ਤਾਂ ਨਤੀਜਾ ਕੁਝ ਹੋਰ ਹੋ ਸਕਦਾ ਸੀ।

ਗੇਂਦਬਾਜ਼ਾਂ ਦੀ ਤਾਰੀਫ਼ ਕਰਦਿਆਂ ਕੋਹਲੀ ਨੇ ਕਿਹਾ ਕਿ ਭਾਰਤੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਕਿਹਾ ਕਿ ਜਦੋਂ ਉਨ੍ਹਾਂ ਪਿਚ ਵੇਖੀ ਤਾਂ ਜਡੇਜਾ ਬਾਰੇ ਤਾਂ ਸੋਚਿਆ ਹੀ ਨਹੀਂ ਸੀ। ਉਹ 4 ਤੇਜ਼ ਗੇਂਦਬਾਜ਼ਾਂ ਨਾਲ ਹੀ ਜਾਣਾ ਚਾਹੁੰਦੇ ਸੀ। ਨਾਥਨ ਲਾਇਨ ਦੀ ਗੇਂਦਬਾਜ਼ੀ ਚੰਗੀ ਰਹੀ। ਉਸ ਨੇ ਕਿਹਾ ਕਿ ਹੁਣ ਉਹ ਅਗਲੇ ਮੈਚ ਬਾਰੇ ਸੋਚ ਰਹੇ ਹਨ ਤੇ ਜਿੱਤਣਾ ਚਾਹੁੰਦੇ ਹਨ।