ਚੰਡੀਗੜ੍ਹ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਅੱਠ ਮਹੀਨੇ ਪਹਿਲਾਂ ਇੰਸਟਾਗ੍ਰਾਮ ਲਾਈਵ ਵੀਡੀਓ ਦੌਰਾਨ ਯੁਜਵੇਂਦਰ ਚਹਿਲ ਉੱਤੇ ਕੀਤੀ ਗਈ ‘ਗ਼ੈਰ ਇਰਾਦਤਨ ਟਿੱਪਣੀ’ ਲਈ ਮਾਫ਼ੀ ਮੰਗੀ ਸੀ। ਹੁਣ ਐਤਵਾਰ ਨੂੰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਯੁਵਰਾਜ ਸਿੰਘ ਵਿਰੁੱਧ ਐਫ਼ਆਈਆਰ ਦਰਜ ਕੀਤੀ ਗਈ ਤੇ ਉਨ੍ਹਾਂ ਉੱਤੇ ਕ੍ਰਿਕੇਟਰ ਯੁਜਵੇਂਦਰ ਚਹਿਲ ਵਿਰੁੱਧ ‘ਜਾਤੀਵਾਦੀ ਟਿੱਪਣੀ’ ਦਾ ਦੋਸ਼ ਲਾਇਆ ਗਿਆ ਹੈ।
ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਆਖਰ ਕਈ ਮਹੀਨੇ ਪੁਰਾਣੇ ਮਾਮਲੇ 'ਚ ਹੁਣ ਯੁਵਰਾਜ ਸਿੰਘ ਵਿਰੁੱਧ ਐਫ਼ਆਈਆਰ ਕਿਉਂ ਹੋਈ ਹੈ। ਇਹ ਵੀ ਅਹਿਮ ਹੈ ਕਿ ਜਦੋਂ ਯੁਵਰਾਜ ਸਿੰਘ ਨੇ ਆਪਣਾ ਸਪਸ਼ਟੀਕਰਨ ਦੇ ਕੇ ਮਾਮਲਾ ਖਤਮ ਕਰ ਦਿੱਤਾ ਸੀ ਤਾਂ ਹੁਣ ਫਿਰ ਕਾਰਵਾਈ ਪਿੱਛੇ ਕੀ ਕਾਰਨ ਹੈ।
ਦੱਸ ਦਈਏ ਕਿ ਯੁਵਰਾਜ ਨੇ ਜੂਨ 2020 ’ਚ ਰੋਹਿਤ ਸ਼ਰਮਾ ਨਾਲ ਲਾਈਵ ਇੰਸਟਾਗ੍ਰਾਮ ਵਿਡੀਓ ਵਿੱਚ ਲੈੱਗ ਸਪਿੰਨਰ ਯੁਜਵੇਂਦਰ ਚਹਿਲ ਟਿੱਕਟੌਕ ਵਿਡੀਓ ਉੱਤੇ ਚਰਚਾ ਕਰਦੇ ਵਿਖਾਈ ਦਿੱਤੇ ਸਨ। ਉਹ ਟਿੱਪਣੀ ਕਾਫ਼ੀ ਵਾਇਰਲ ਹੋਈ ਸੀ। ਵਿਰੋਧ ਹੋਣ ’ਤੇ ਯੁਵਰਾਜ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ‘ਗ਼ਲਤ ਸਮਝਿਆ ਗਿਆ’ ਸੀ।
ਹਿਸਾਰ ਜ਼ਿਲ੍ਹੇ ’ਚ ਇੱਕ ਦਲਿਤ ਕਾਰਕੁਨ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਤੇ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 153, 153ਏ, 296, 505 ਅਧੀਨ ਐਫ਼ਆਈਆਰ ਦਰਜ ਕੀਤੀ ਗਈ ਹੈ।
ਯੁਵਰਾਜ ਸਿੰਘ ਨੇ ਤਦ ਆਪਣੇ ਅਧਿਕਾਰਤ ਟਵਿਟਰ ਹੈਂਡਲ ਉੱਤੇ ਪੋਸਟ ਕੀਤੇ ਬਿਆਨ ਵਿੱਚ ਅਫ਼ਸੋਸ ਪ੍ਰਗਟਾਇਆ ਸੀ ਕਿ ਮੈਂ ਸਮਝਦਾ ਹਾਂ ਕਿ ਜਦੋਂ ਮੈਂ ਆਪਣੇ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀ, ਤਾਂ ਮੈਨੂੰ ਗ਼ਲਤ ਸਮਝਿਆ ਗਿਆ, ਜੋ ਗ਼ੈਰਜ਼ਰੂਰੀ ਸੀ। ਭਾਵੇਂ ਇੱਕ ਜ਼ਿੰਮੇਵਾਰ ਭਾਰਤੀ ਵਜੋਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਮੈਂ ਅਣਜਾਣੇ ਵਿੱਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਤਾਂ ਮੈਂ ਉਸ ਲਈ ਅਫ਼ਸੋਸ ਪ੍ਰਗਟਾਉਣਾ ਚਾਹੁੰਦਾ ਹਾਂ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਜਾਤੀ, ਰੰਗ, ਪੰਥ ਜਾਂ ਲਿੰਗ ਦੇ ਆਧਾਰ ਉੱਤੇ ਕਿਸੇ ਵੀ ਪ੍ਰਕਾਰ ਦੀ ਅਸਮਾਨਤਾ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ।
ਯੁਵਰਾਜ ਸਿੰਘ ਨੇ ਜੂਨ 2019 ’ਚ ਮੁੰਬਈ ਵਿਖੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ 2011 ’ਚ ਭਾਰਤ ਨੂੰ ਵਿਸ਼ਵ ਕੱਪ ਜੇਤੂ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।