ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਦੇ ਦਿੱਗਜ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕੌਮਾਂਤਰੀ ਕ੍ਰਿਕੇਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈ ਲਿਆ ਹੈ। ਕ੍ਰਿਕੇਟ ਸਾਊਥ ਅਫ਼ਰੀਕਾ ਦੇ ਅਧਿਕਾਰਤ ਟਵਿੱਟਰ ਖਾਤੇ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵਿੱਟਰ ‘ਤੇ ਲਿਖਿਆ ਗਿਆ ਹੈ ਕਿ ਅਮਲਾ ਘਰੇਲੂ ਅਤੇ ਸੁਪਰ ਲੀਗ ਖੇਡਣਾ ਜਾਰੀ ਰੱਖਣਗੇ।


36 ਸਾਲ ਦੇ ਅਮਲਾ ਨੇ ਦੱਖਣੀ ਅਫ਼ਰੀਕਾ ਦੇ ਲਈ 124 ਟੈਸਟ, 181 ਵਨ ਡੇਅ ਅਤੇ 44 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਟੈਸਟ ਕ੍ਰਿਕਟ ‘ਚ ਅਮਲਾ ਨੇ 46.64 ਦੀ ਔਸਤ ਨਾਲ 9,282 ਦੌੜਾਂ ਬਣਾਇਆਂ ਹਨ ਜਿਸ ‘ਚ ਉਨ੍ਹਾਂ ਨੇ 41 ਅਰਧ ਸੈਂਕੜੇ ਅਤੇ 28 ਸੈਂਕੜੇ ਲਗਾਏ ਹਨ। ਟੈਸਟ ਕ੍ਰਿਕੇਟ ‘ਚ ਅਮਲਾ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਨਾਬਾਦ 311 ਦੌੜਾਂ ਦਾ ਹੈ।

ਟੈਸਟ ਤੋਂ ਇਲਾਵਾ ਅਮਲਾ ਵਨ ਡੇਅ ‘ਚ 49.46 ਦੀ ਔਸਤ ਨਾਲ 8,113 ਦੌੜਾਂ ਬਣਾ ਚੁੱਕੇ ਹਨ। ਵਨਡੇਅ ‘ਚ ਅਮਲਾ ਨੇ 39 ਅਰਧ-ਸੈਂਕੜੇ ਅਤੇ 27 ਸੈਂਕੜੇ ਜੜੇ ਹਨ। ਵਨਡੇ ‘ਚ ਉਨ੍ਹਾਂ ਦੀ ਸਭ ਤੋਂ ਬਿਹਤਰੀਨ ਪਾਰੀ 159 ਦੌੜਾਂ ਦੀ ਰਹੀ।

ਉੱਧਰ ਟੀ-20 ਫਾਰਮੇਟ ‘ਚ ਅਮਲਾ ਦੇ ਨਾਂ 33.60 ਦੀ ਔਸਤ ਨਾਲ 1,277 ਦੌੜਾਂ ਦਰਜ ਹਨ। ਅਮਲਾ ਦੀ ਟੀ-20 ‘ਚ ਸਭ ਤੋਂ ਵੱਡੀ ਪਾਰੀ 97 ਦੌੜਾਂ ਨਾਬਾਦ ਦੀ ਹੈ। ਅਮਲਾ ਨੇ ਦਸੰਬਰ 2004 ‘ਚ ਕੋਲਕਤਾ ‘ਚ ਭਾਰਤ ਖਿਲਾਫ ਟੈਸਟ ਕ੍ਰਿਕੇਟ ‘ਚ ਡੈਬਿਊ ਕੀਤਾ ਸੀ। ਇਸ ਸਾਲ ਫਰਵਰੀ ‘ਚ ਪੋਰਟ ਏਲੀਜ਼ਾਬੇਥ ‘ਚ ਸ੍ਰੀਲੰਕਾ ਖ਼ਿਲਾਫ਼ ਆਖਰੀ ਟੈਸਟ ਮੈਚ ਖੇਡਿਆ ਸੀ।