ਨਵੀਂ ਦਿੱਲੀ: ਹਾਲ ਹੀ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਉੱਤੇ ਮਰਦ ਤੇ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਵਿਤਕਰਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਨ੍ਹਾਂ 'ਤੇ ਦੋਸ਼ ਸੀ ਕਿ ਇੰਗਲੈਂਡ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਮੁੰਬਈ ਜਾਣ ਲਈ ਬੀਸੀਸੀਆਈ ਸਿਰਫ਼ ਮਰਦ ਕ੍ਰਿਕਟ ਟੀਮ ਦੇ ਖਿਡਾਰੀਆਂ ਲਈ ਚਾਰਟਰ ਉਡਾਣਾਂ ਦਾ ਪ੍ਰਬੰਧ ਕਰ ਰਿਹਾ ਹੈ ਤੇ ਮਹਿਲਾ ਕ੍ਰਿਕਟ ਟੀਮ ਲਈ ਅਜਿਹੀ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਹੁਣ ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਬੀਸੀਸੀਆਈ ਨੇ ਉਨ੍ਹਾਂ ਲਈ ਵੀ ਚਾਰਟਰ ਉਡਾਣਾਂ ਦਾ ਪ੍ਰਬੰਧ ਕੀਤਾ ਹੈ।


 


ਹਰਮਨਪ੍ਰੀਤ ਕੌਰ ਨੇ ਟਵੀਟ ਲਿਖਿਆ, "ਬੀਸੀਸੀਆਈ ਨੇ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਮੁੰਬਈ ਪਹੁੰਚਣ ਲਈ ਦੋਵਾਂ ਟੀਮਾਂ ਦੇ ਖਿਡਾਰੀਆਂ ਲਈ ਚਾਰਟਰ ਉਡਾਣਾਂ ਦਾ ਪ੍ਰਬੰਧ ਕੀਤਾ ਹੈ। ਦੂਰੀ ਤੇ ਸਹੂਲਤ ਨੂੰ ਵੇਖਦਿਆਂ ਖਿਡਾਰੀਆਂ ਨੇ ਆਪਣੇ ਅਨੁਸਾਰ ਫ਼ੈਸਲਾ ਲਿਆ ਹੈ।" ਦੋਵੇਂ ਟੀਮਾਂ ਛੇਤੀ ਹੀ ਇੰਗਲੈਂਡ ਦਾ ਦੌਰਾ ਕਰਨ ਜਾ ਰਹੀਆਂ ਹਨ। ਸਾਰੇ ਖਿਡਾਰੀਆਂ ਨੂੰ ਦੌਰੇ 'ਤੇ ਜਾਣ ਤੋਂ ਪਹਿਲਾਂ ਮੁੰਬਈ ਪਹੁੰਚਣਾ ਹੈ, ਜਿੱਥੇ ਉਨ੍ਹਾਂ ਨੂੰ ਇੰਗਲੈਂਡ ਜਾਣ ਤੋਂ ਪਹਿਲਾਂ ਦੋ ਹਫ਼ਤੇ ਲਈ ਕੁਆਰੰਟੀਨ ਰੱਖਿਆ ਜਾਵੇਗਾ।



ਮਿਤਾਲੀ ਰਾਜ ਨੇ ਵੀ ਕੀਤੀ ਬੀਸੀਸੀਆਈ ਦੀ ਤਰੀਫ਼
ਇਸ ਤੋਂ ਪਹਿਲਾਂ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੇ ਮਰਦ ਕ੍ਰਿਕਟਰਾਂ ਨੂੰ ਮੁੰਬਈ ਲਿਜਾਣ ਲਈ ਚਾਰਟਰ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਭਾਰਤੀ ਮਹਿਲਾ ਖਿਡਾਰੀਆਂ ਨੂੰ ਖੁਦ ਆਉਣ ਲਈ ਕਿਹਾ ਗਿਆ ਹੈ। ਉੱਥੇ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵਨਡੇ ਤੇ ਟੈਸਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵੀ ਟਵੀਟ ਕਰਕੇ ਬੀਸੀਸੀਆਈ ਦੀ ਤਰੀਫ਼ ਕੀਤੀ ਹੈ। ਉਨ੍ਹਾਂ ਲਿਖਿਆ, "ਅਜਿਹੇ ਸਮੇਂ 'ਚ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਬੋਰਡ ਨੇ ਇਕ ਵਧੀਆ ਕੰਮ ਕੀਤਾ ਹੈ।"